ਨਕੋਦਰ (ਦੇਵ ਇੰਦਰਜੀਤ) : ਕਾਂਗਰਸੀ ਆਗੂ ਹਲਕਾ ਇੰਚਾਰਜ ਨਕੋਦਰ, ਚੇਅਰਮੈਨ ਵਾਟਰ ਐਂਡ ਰਿਸੋਰਸਿਜ਼ ਪੰਜਾਬ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿਚ ਸ਼ਾਮਲ ਹੋਏ।
ਸੁਖਬੀਰ ਸਿੰਘ ਬਾਦਲ ਅਤੇ ਸਾਬਾਕ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਜਗਬੀਰ ਸਿੰਘ ਬਰਾੜ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜਗਬੀਰ ਬਰਾੜ ਨੂੰ ਅਕਾਲੀ ਦਲ ’ਚ ਸ਼ਾਮਲ ਕਰਵਾਇਆ। ਇਥੇ ਦੱਸ ਦੇਈਏ ਕਿ ਜਗਬੀਰ ਸਿੰਘ ਬਰਾੜ ਪਹਿਲਾਂ ਅਕਾਲੀ ਦਲ ’ਚ ਹੀ ਸਨ ਅਤੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਚੋਣਾਂ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ ਪਰ ਅਕਾਲੀ ਸਰਕਾਰ ਦੌਰਾਨ ਕੁਝ ਨਾਰਾਜ਼ਗੀਆਂ ਕਾਰਨ ਅਕਾਲੀ ਦਲ ਛੱਡ ਕੇ ਕਾਂਗਰਸ ਪਾਰੀਟ ’ਚ ਸ਼ਾਮਲ ਹੋ ਗਏ ਸਨ। ਜਗਬੀਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਬਾਰਾ ਅਕਾਲੀ ਦਲ ’ਚ ਵਾਪਸੀ ਹੋਣ ’ਤੇ ਬੇਹੱਦ ਖ਼ੁਸ਼ੀ ਹੋ ਰਹੀ ਹੈ। ਕਾਂਗਰਸ ਪਾਰਟੀ ਛੱਡਣ ’ਤੇ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਜਗ ਜ਼ਾਹਰ ਹੈ ਕਿ ਕਾਂਗਰਸ ’ਚ ਕੀ ਚੱਲ ਰਿਹਾ ਹੈ, ਜਿਸ ਦੇ ਕਾਰਨ ਉਨ੍ਹਾਂ ਨੇ ਪਾਰਟੀ ਛੱਡਣ ਦਾ ਫ਼ੈਸਲਾ ਲਿਆ।