ਟਰੋਂਟੋ (ਦੇਵ ਇੰਦਰਜੀਤ) : ਐਮ ਆਰ ਐਨ ਏ ਵੈਕਸੀਨ ਦੇ ਉਤਪਾਦਨ ਲਈ ਕੈਨੇਡਾ ਵਿੱਚ ਆਪਣਾ ਪ੍ਰੋਡਕਸ਼ਨ ਪਲਾਂਟ ਲਾਉਣ ਲਈ ਅਮਰੀਕਾ ਦੀ ਡਰੱਗ ਨਿਰਮਾਤਾ ਕੰਪਨੀ ਮੌਡਰਨਾ ਵੱਲੋਂ ਅੱਜ ਕੈਨੇਡੀਅਨ ਸਰਕਾਰ ਨਾਲ ਸਮਝੌਤਾ ਕੀਤਾ ਜਾਵੇਗਾ।
ਮੌਡਰਨਾ ਦੇ ਸੀ ਈ ਓ ਸਟੀਫਨ ਬੈਂਸਲ ਵੱਲੋਂ ਫੈਡਰਲ ਇਨੋਵੇਸ਼ਨ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਨਾਲ ਅੱਜ ਸਵੇਰੇ ਮਾਂਟਰੀਅਲ ਵਿੱਚ ਐਮ ਓ ਯੂ ਸਾਈਨ ਕੀਤਾ ਜਾਵੇਗਾ।
ਪਿਛਲੇ ਤਿੰਨ ਮਹੀਨਿਆਂ ਵਿੱਚ ਕੈਨੇਡਾ ਵਿੱਚ ਐਮ ਆਰ ਐਨ ਏ ਦਾ ਉਤਪਾਦਨ ਸ਼ੁਰੂ ਕਰਵਾਉਣ ਵਿੱਚ ਫੈਡਰਲ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਦੂਜੀ ਵੱਡੀ ਡੀਲ ਹੈ।ਮਈ ਵਿੱਚ ਸ਼ੈਂਪੇਨ ਨੇ ਆਖਿਆ ਸੀ ਕਿ ਓਟਵਾ ਵੱਲੋਂ ਮਿਸੀਸਾਗਾ, ਓਨਟਾਰੀਓ ਸਥਿਤ ਰੀਜ਼ੀਲੀਐਂਸ ਟੈਕਨਾਲੋਜੀਜ਼ ਨੂੰ 199 ਮਿਲੀਅਨ ਡਾਲਰ ਮੁਹੱਈਆ ਕਰਵਾਏ ਜਾਣਗੇ। ਹਰ ਸਾਲ ਐਮ ਆਰ ਐਨ ਏ ਵੈਕਸੀਨ ਦੀਆਂ 640 ਮਿਲੀਅਨ ਡੋਜ਼ਾਂ ਤਿਆਰ ਕਰਨ ਲਈ ਇਸ ਪਲਾਂਟ ਦੇ ਪਸਾਰ ਵਾਸਤੇ ਇਹ ਰਕਮ ਮੁਹੱਈਆ ਕਰਵਾਈ ਜਾਵੇਗੀ।
ਮੌਡਰਨਾ ਤੇ ਫੈਡਰਲ ਸਰਕਾਰ ਵੱਲੋਂ ਅਜੇ ਵੀ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਸ ਪਲਾਂਟ ਦੇ ਪਸਾਰ ਲਈ ਫੈਡਰਲ ਸਰਕਾਰ ਵੱਲੋਂ ਕਿੰਨਾਂ ਯੋਗਦਾਨ ਪਾਇਆ ਜਾਵੇਗਾ ਤੇ ਇਸ ਨੂੰ ਕਦੋਂ ਤੇ ਕਿੱਥੇ ਤਿਆਰ ਕੀਤਾ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਓਟਵਾ ਨੇ ਉਸ ਸਮੇਂ ਕਈ ਲਾਈਫ ਸਾਇੰਸਿਜ਼ ਕੰਪਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਪਿਛਨੇ ਸਾਲ ਬਸੰਤ ਵਿੱਚ ਸਰਕਾਰ ਨੇ ਅਗਲੇ ਸੱਤ ਸਾਲਾਂ ਵਿੱਚ 2·2 ਬਿਲੀਅਨ ਡਾਲਰ ਬਾਇਓਟੈਕਨਾਲਜੀਜ਼ ਰਿਸਰਚ ਤੇ ਕਮਰਸ਼ੀਅਲ ਪ੍ਰੋਡਕਸ਼ਨ ਉੱਤੇ ਖਰਚ ਕਰਨ ਦਾ ਵਾਅਦਾ ਕੀਤਾ ਸੀ।