ਹਰਿਆਣਾ (ਦੇਵ ਇੰਦਰਜੀਤ) : ਵੱਖ-ਵੱਖ ਵਾਹਨਾਂ 'ਤੇ ਸਵਾਰ ਹੋ ਕੇ ਕਿਸਾਨਾਂ ਨੇ ਵੱਖ-ਵੱਖ ਚੌਰਾਹੇ 'ਤੇ ਮੋਰਚਾਬੰਦੀ ਕਰ ਕੇ ਹਰ ਆਉਣ-ਜਾਣ ਵਾਲੇ ਭਾਜਪਾ ਦੇ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਾਲੇ ਝੰਡੇ ਦਿਖਾਏ।ਹਰਿਆਣਾ 'ਚ ਯਮੁਨਾਨਗਰ ਜ਼ਿਲ੍ਹੇ ਦੇ ਜਗਾਧਰੀ 'ਚ ਅੱਜ ਯਾਨੀ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜ਼ਿਲ੍ਹਾ ਪੱਧਰੀ ਬੈਠਕ ਦੌਰਾਨ ਕਿਸਾਨਾਂ ਨੇ ਬੈਰੀਕੇਡ ਤੋੜਦੇ ਹੋਏ ਪੁਲਸ ਨਾਲ ਧੱਕਾ-ਮੁੱਕੀ ਕਰ ਕੇ ਬੈਠਕ ਦਾ ਵਿਰੋਧ ਕੀਤਾ। ਬੈਠਕ 'ਚ ਹਿੱਸਾ ਲੈਣ ਪ੍ਰਦੇਸ਼ ਦੇ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ, ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ, ਕੇਂਦਰੀ ਮੰਤਰੀ ਰਤਨਲਾਲ ਕਟਾਰੀਆ ਸਮੇਤ ਹੋਰ ਭਾਜਪਾ ਨੇਤਾਵਾਂ ਦੇ ਪਹੁੰਚਣ ਦੀ ਸੂਚਨਾ ਜਿਵੇਂ ਹੀ ਕਿਸਾਨਾਂ ਨੂੰ ਮਿਲੀ ਤਾਂ ਉਹ ਭਾਰੀ ਗਿਣਤੀ 'ਚ ਜਗਾਧਰੀ ਦੇ ਵੱਖ-ਵੱਖ ਇਲਾਕਿਆਂ 'ਚ ਇਕੱਠੇ ਹੋ ਗਏ।
ਇਸ ਤੋਂ ਬਾਅਦ ਕਿਸਾਨ ਭਾਜਪਾ ਦੀ ਬੈਠਕ ਸਥਾਨ ਨੇੜੇ ਪਹੁੰਚ ਗਏ, ਜਿੱਥੇ ਪੁਲਸ ਨੇ ਭਾਰੀ ਬੈਰੀਕੇਡਿੰਗ ਕਰ ਕੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਸਨ ਪਰ ਕਿਸਾਨ ਬੈਰੀਕੇਡ ਤੋੜ ਕੇ ਬੈਠਕ ਹਾਲ ਦੇ ਬਾਹਰ ਪਹੁੰਚ ਗਏ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲਸ ਦੇ ਵੱਖ-ਵੱਖ ਅਧਿਕਾਰੀ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ ਪਰ ਕਿਸਾਨਾਂ ਨੇ ਕਿਸੇ ਦੀ ਇਕ ਨਹੀਂ ਸੁਣੀ। ਪੁਲਸ ਨੇ ਥੋੜ੍ਹੀ ਦੇਰ ਲਈ ਕਰੀਬ 26 ਕਿਸਾਨਾਂ ਨੂੰ ਵੀ ਹਿਰਾਸਤ 'ਚ ਲਿਆ, ਜਿਨ੍ਹਾਂ ਨੂੰ ਬਾਅਦ 'ਚ ਛੱਡ ਦਿੱਤਾ ਗਿਆ। ਕਿਸਾਨ ਆਗੂ ਮਨਦੀਪ ਸਿੰਘ ਅਨੁਸਾਰ ਪੁਲਸ ਨੇ ਉਨ੍ਹਾਂ ਨਾਲ ਗਲਤ ਰਵੱਈਆ ਕੀਤਾ। ਉੱਥੇ ਹੀ ਪੁਲਸ ਸੁਪਰਡੈਂਟ ਨੇ ਇਸ ਮਾਮਲੇ 'ਚ ਮੀਡੀਆ ਕੈਮਰਿਆਂ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।