ਚੰਡੀਗੜ੍ਹ (ਦੇਵ ਇੰਦਰਜੀਤ) : ਤੀਜੀ ਲਹਿਰ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਭਾਰਤ ਸਰਕਾਰ ਕਿੰਨੀ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਨੂੰ ਚਲਾਉਂਦੀ ਹੈ ਕਿਉਂਕਿ ਅਜੇ ਟੀਕਾਕਰਨ ਮੁਹਿੰਮ ਬਹੁਤ ਹੀ ਹੌਲੀ ਰਫਤਾਰ ਨਾਲ ਚੱਲ ਰਹੀ ਹੈ।ਸਰਕਾਰੀ ਹਲਕਿਆਂ ਨੇ ਦੱਸਿਆ ਕਿ ਕੋਵਿਡ ਨੂੰ ਲੈ ਕੇ ਖੋਜ ਕਰਨ ਵਾਲ ਮੈਡੀਕਲ ਮਾਹਰਾਂ ਅਤੇ ਸਲਾਹਕਾਰਾਂ ਦਾ ਮੰਨਣਾ ਹੈ ਕਿ ਜੇ ਤੀਜੀ ਲਹਿਰ ਭਾਰਤ ’ਚ ਆਉਂਦੀ ਹੈ ਤਾਂ ਇਹ ਸਤੰਬਰ-ਅਕਤੂਬਰ ਤੱਕ ਸੰਭਾਵਿਤ ਹੈ।
ਪੰਜਾਬ ’ਚ ਕੋਵਿਡ ਦੀ ਦੂਜੀ ਲਹਿਰ ਹੁਣ ਪੂਰੀ ਤਰ੍ਹਾਂ ਰੁਕਦੀ ਹੋਈ ਦਿਖਾਈ ਦੇ ਰਹੀ ਹੈ ਪਰ ਸੂਬੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੀਜੀ ਕੋਵਿਡ ਲਹਿਰ ਨਾਲ ਨਜਿੱਠਣ ਲਈ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਕਰਨ ਅਤੇ ਬੁਨਿਆਦੀ ਢਾਂਚਾ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ਡਾਕਟਰਾਂ ਅਤੇ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਬੱਚਿਆਂ ਨਾਲ ਸਬੰਧਤ ਮਾਹਰ ਡਾਕਟਰਾਂ ਦੇ ਸਾਰੇ ਅਹੁਦਿਆਂ ਨੂੰ ਭਰਿਆ ਜਾਵੇ ਤਾਂ ਕਿ ਬਾਅਦ ’ਚ ਇਨ੍ਹਾਂ ਦੀ ਕਮੀ ਦਾ ਸਾਹਮਣਾ ਸੂਬੇ ਨੂੰ ਨਾ ਕਰਨਾ ਪਵੇ।
ਉਨ੍ਹਾਂ ਨੇ ਕਿਹਾ ਕਿ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਮਾਹਰਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ। ਉਨ੍ਹਾਂ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਜੀਵਨ ਉਪਯੋਗੀ ਦਵਾਈਆਂ ਦਾ ਪ੍ਰਬੰਧ ਪਹਿਲਾਂ ਤੋਂ ਕਰ ਲਿਆ ਜਾਵੇ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਅਤੇ ਉਨ੍ਹਾਂ ਦੀ ਟੀਮ ਨੂੰ ਕਿਹਾ ਕਿ ਉਹ ਪ੍ਰਸਤਾਵਿਤ ਤੀਜੀ ਲਹਿਰ ਨੂੰ ਲੈ ਕੇ ਹੁਣ ਤੋਂ ਹੀ ਖੋਜ ਦਾ ਕੰਮ ਸੰਪੰਨ ਕਰਨ ਅਤੇ ਨਾਲ ਹੀ ਦੇਖਣ ਕਿ ਇਸ ਦਾ ਪ੍ਰਭਾਵੀ ਢੰਗ ਨਾਲ ਕਿਸ ਤਰ੍ਹਾਂ ਮੁਕਾਬਲਾ ਕੀਤਾ ਜਾ ਸਕਦਾ ਹੈ।