ਬੁਢਲਾਡਾ (ਕਰਨ) - ਖੇਤੀ ਅਤੇ ਦੇਸ਼ ਲਈ ਖਤਰਨਾਕ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਵਿੱਢਿਆ ਸੰਘਰਸ਼ ਪੂਰੇ ਸਿਖਰਾਂ 'ਤੇ ਹੈ। ਦੇਸ਼ ਭਰ ਦੇ ਅੰਦੋਲਨਕਾਰੀਆਂ ਵਿੱਚ ਕੇਂਦਰ ਸਰਕਾਰ ਦੇ ਪ੍ਰਤੀ ਭਾਰੀ ਗੁੱਸਾ ਅਤੇ ਰੋਹ ਹੈ।
ਅੱਜ ਕਿਸਾਨਾਂ ਨੇ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦੇ ਘਿਰਾਓ ਕਰਕੇ ਲਾਏ ਧਰਨੇ ਦੇ 252 ਵੇਂ ਦਿਨ ਮੋਦੀ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜੀ ਕੀਤੀ। ਬੁਲਾਰਿਆਂ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਦੇਸ਼ ਦੇ ਕਿਰਤੀ ਸਰਕਾਰ ਦੀ ਅੜੀ ਭੰਨ ਕੇ ਦਮ ਲੈਣਗੇ।
ਇਸ ਮੌਕੇ 'ਤੇ ਪੰਜਾਬ ਕਿਸਾਨ ਸਭਾ ਦੇ ਜਿਲ੍ਹਾ ਆਗੂ ਕਾ. ਜਸਵੰਤ ਸਿੰਘ ਬੀਰੋਕੇ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਥੇ. ਜਵਾਲਾ ਸਿੰਘ ਗੁਰਨੇ ਖੁਰਦ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਤੋਂ ਬਿਨਾਂ ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ , ਭੂਰਾ ਸਿੰਘ ਅਹਿਮਦਪੁਰ ਅਤੇ ਨੰਬਰਦਾਰ ਮਿੱਠੂ ਸਿੰਘ ਅਹਿਮਦਪੁਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਕਿਸਾਨਾਂ-ਮਜਦੂਰਾਂ ਦੀ ਹਾਲਤ ਪਹਿਲਾਂ ਹੀ ਆਰਥਿਕ ਪੱਖੋਂ ਕਾਫ਼ੀ ਮਾੜੀ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਕਿਰਤੀਆਂ 'ਤੇ ਵੱਡੀ ਆਰਥਿਕ ਸੱਟ ਮਾਰੀ ਹੈ। ਖੇਤੀ ਜਿਣਸਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ। ਖਾਦਾਂ , ਬੀਜਾਂ , ਕੀਟਨਾਸ਼ਕ ਦਵਾਈਆਂ , ਮਸ਼ੀਨਰੀ ਆਦਿ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫ਼ਸਲ ਬੀਮਾ ਯੋਜਨਾ ਅਤੇ ਹੋਰ ਕਿਸਾਨ ਭਲਾਈ ਸਕੀਮਾਂ ਸਰਕਾਰਾਂ ਦੀਆਂ ਗੱਲਾਂ ਅਤੇ ਕਾਗਜਾਂ ਤੱਕ ਸੀਮਤ ਹਨ। ਕਰਜ਼ੇ ਵਿੱਚ ਬੁਰੀ ਤਰ੍ਹਾਂ ਜਕੜਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਇੰਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਤੇ ਬਿਜਲੀ ਸੋਧ ਬਿੱਲ-2020 ਪਾਸ ਹੋਣ ਨਾਲ ਕਿਸਾਨਾਂ-ਮਜਦੂਰਾਂ-ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਜਾਵੇਗਾ , ਇਨਾਂ ਹਾਲਤਾਂ ਵਿੱਚ ਏਕਾ ਅਤੇ ਸੰਘਰਸ਼ ਹੀ ਇੱਕੋ ਇੱਕ ਰਾਹ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੇਸ਼ ਦੀਆਂ ਤਕਰੀਬਨ ਸਾਰੀਆਂ ਕਿਸਾਨਾਂ ਅਤੇ ਮਜਦੂਰਾਂ ਦੀਆਂ ਜਥੇਬੰਦੀਆਂ ਇੱਕਮੁੱਠ ਹਨ ਅਤੇ ਹੁਣ ਦੇਸ਼ ਦੇ ਲੋਕ ਮੋਦੀ ਸਰਕਾਰ ਨੂੰ ਵਿਰੋਧੀ ਫੈਸਲੇ ਲਾਗੂ ਨਹੀਂ ਹੋਣ ਦੇਣਗੇ ਅਤੇ ਸਰਕਾਰਾਂ ਨੂੰ ਬਖਤ ਪਾ ਦੇਣਗੇ ।
ਅੱਜ ਦੇ ਇਕੱਠ ਨੂੰ ਗੁਰਦੇਵ ਦਾਸ ਬੋੜਾਵਾਲ , ਬਹਾਦਰ ਸਿੰਘ ਗੁਰਨੇ ਖੁਰਦ , ਸਰੂਪ ਸਿੰਘ ਗੁਰਨੇ ਕਲਾਂ , ਭੋਲਾ ਧਾਰੀ ਅਹਿਮਦਪੁਰ , ਸੀਤਾ ਗਿਰ , ਅਮਰਜੀਤ ਸਿੰਘ , ਨੇਕ ਸਿੰਘ ਅਹਿਮਦਪੁਰ , ਸੁੱਖੀ ਸਿੰਘ ਗੁਰਨੇ ਕਲਾਂ , ਅੰਗਰੇਜ਼ ਸਿੰਘ ਔਲਖ ਆਦਿ ਨੇ ਵੀ ਸੰਬੋਧਨ ਕੀਤਾ ।
by vikramsehajpal