ਪ੍ਰਾਇਮਰੀ ਟੀਚਰਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਤੇ ਫੁਕੇ ਆਰਡਰ 9 ਵਾਰ ਤਾਰੀਖ ਅੱਗੇ ਪਾ ਕੇ ਆਨ ਲਾਈਨ ਸਿਸਟਮ ਦੀ ਨਿਕਲੀ ਫੂਕ- ਰਾਜੇਸ਼

by vikramsehajpal

ਬੁਢਲਾਡਾ, (ਕਰਨ) : ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਵਲੋ ਮੈਰਿਟ ਅਧਾਰ ਤੇ ਆਨਲਾਈਨ ਸਿਸਟਮ ਦੁਆਰਾ ਜਿੱਥੇ ਰਾਜ ਦੇ ਅਧਿਆਪਕਾਂ ਦੀਆਂ ਬਿਨਾਂ ਸਿਫਾਰਸ਼ ਤੋਂ ਬਦਲੀਆਂ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੁਣ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਸਰਕਾਰ ਦੇ ਲਾਰਿਆਂ ਤੋਂ ਅੱਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਬਦਲੀ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਸਬੋਧਨ ਕਰਦਿਆ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਲਈ ਬੜੇ ਸ਼ਰਮ ਦੀ ਗੱਲ ਹੈ ਕਿ 9 ਵਾਰ ਲਗਾਤਾਰ ਲਿਖਤੀ ਹੁਕਮ ਜਾਰੀ ਕਰਕੇ ਵੀ ਬਦਲੀ ਹੋਏ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਲਈ ਸਿੱਖਿਆ ਵਿਭਾਗ ਹਾਲੇ ਤੱਕ ਕੋਈ ਠੋਸ ਫੈਸਲਾ ਨਹੀਂ ਲੈ ਸਕਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਹੋਈ ਸੀ ।

ਜਿਸ ਵਿੱਚ ਸਿੱਖਿਆ ਸਕੱਤਰ ਨੇ 8 ਜੂਨ ਨੂੰ ਬਦਲੀਆਂ ਲਾਗੂ ਕਰਨ ਵਾਰੇ ਕਿਹਾ ਸੀ, ਪਰ ਹੁਣ ਸਰਕਾਰ ਲਗਾਤਾਰ ਲਾਰੇ ਲਾ ਕੇ ਮੁਲਾਜ਼ਮਾਂ ਦੇ ਜ਼ੋਰ ਨੂੰ ਪਰਖਣਾ ਚਾਹੁੰਦੀ ਹੈ। ਜਿਸ ਲਈ ਪੰਜਾਬ ਦੇ ਮੁਲਾਜ਼ਮ ਹੁਣ ਸੜਕਾਂ ਤੇ ਉੱਤਰ ਆਏ ਹਨ। ਰਾਜ ਦੇ ਸਿੱਖਿਆ ਵਿਭਾਗ ਵੱਲੋਂ ਅਪਰੈਲ ਮਈ ਅਤੇ ਜੂਨ ਵਿੱਚ ਵਾਰ-ਵਾਰ ਪੱਤਰ ਜਾਰੀ ਕਰਕੇ ਹਾਜ਼ਰ ਕਰਵਾਉਣ ਦੀ ਤਾਰੀਖ ਵਿੱਚ ਵਾਧਾ ਕਰਕੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਵੱਡਾ-ਵੱਡਾ ਪ੍ਰਚਾਰ ਕਰਨ ਵਾਲੀ ਸਰਕਾਰ ਦੀ ਅਸਲੀਅਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ, ਪਿੰਡ, ਪੰਚਾਇਤਾਂ, ਦਾਨੀ ਸੱਜਣਾ ਦੇ ਸਹਿਯੋਗ ਨਾਲ ਸਮਾਰਟ ਬਣਾਏ ਹਨ ਇੱਥੋਂ ਤੱਕ ਕਿ ਸਰਕਾਰ ਤਾਂ ਹਾਲੇ ਤੱਕ ਆਪਣੇ ਮੁਲਾਜ਼ਮਾਂ ਨੂੰ ਪੇਅ ਕਮੀਸ਼ਨ, ਪੁਰਾਣੀ ਪੈਨਸ਼ਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਨਵੀਂ ਭਰਤੀ ਤਹਿਤ 2364 ਅਧਿਆਪਕਾਂ ਦੀ ਭਰਤੀ ਆਦਿ ਕਰਨ ਤੋਂ ਨਾਕਾਮ ਰਹੀ ਹੈ।

ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ, ਵਧਿਆ ਹੋਇਆ ਪੇਅ ਕਮੀਸ਼ਨ, ਪੁਰਾਣੀ ਪੈਨਸ਼ਨ ਆਦਿ ਦੀ ਬਹਾਲੀ ਨਹੀਂ ਕਰਦੀ, ਤਾਂ ਉਹ ਪੰਜਾਬ ਅੰਦਰ ਅਜਿਹਾ ਸੰਘਰਸ਼ ਵਿੱਢਣਗੇ, ਜੋ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਵੀ ਨਹੀਂ ਹੋਣਾ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।

ਫੋਟੋ: ਬੁਢਲਾਡਾ: ਬਦਲੀਆਂ ਲਾਗੂ ਨਾ ਕਰਨ ਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਦੇ ਹੋਏ ਅਧਿਆਪਕ