ਟਰੋਂਟੋ (ਦੇਵ ਇੰਦਰਜੀਤ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਕਾਰਨ ਮਈ ਮਹੀਨੇ 68,000 ਰੋਜ਼ਗਾਰ ਦੇ ਮੌਕੇ ਖ਼ਤਮ ਹੋਏ।
ਇਸ ਤੋਂ ਪਹਿਲਾਂ ਅਪਰੈਲ ਦੇ ਮਹੀਨੇ 207,000 ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ। ਮਈ ਵਿੱਚ ਬੇਰੋਜ਼ਗਾਰੀ ਦਰ 8·2 ਫੀ ਸਦੀ ਸੀ ਜਦਕਿ ਅਪਰੈਲ ਦੇ ਮਹੀਨੇ ਬੇਰੋਜ਼ਗਾਰੀ ਦਰ 8·1 ਫੀ ਸਦੀ ਸੀ। ਕੈਨੇਡਾ ਵਿੱਚ ਬੇਰੋਜ਼ਗਾਰ ਲੋਕਾਂ ਦੀ ਗਿਣਤੀ ਵੈਸੇ ਇੱਕੋ ਜਿਹੀ ਹੀ ਬਣੀ ਰਹੀ। ਇਸ ਵਿੱਚ ਤਬਦੀਲੀ ਇਹ ਹੋਈ ਕਿ ਮਈ ਵਿੱਚ ਲੇਬਰ ਫੋਰਸ ਵਿੱਚੋਂ ਕਈ ਲੋਕ ਬਾਹਰ ਹੋ ਗਏ। ਇਨ੍ਹਾਂ ਵਿੱਚ ਅਜਿਹੇ ਵਰਕਰਜ਼ ਵੀ ਸ਼ਾਮਲ ਸਨ ਜਿਹੜੇ ਢੇਰੀ ਢਾਹ ਬੈਠੇ ਤੇ ਜਾਂ ਫਿਰ ਜਿਨ੍ਹਾਂ ਨੇ ਕੰਮ ਦੀ ਭਾਲ ਹੀ ਛੱਡ ਦਿੱਤੀ।
ਸਟੈਟੇਸਟਿਕਸ ਆਫਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਨੌਕਰੀ ਦੀ ਭਾਲ ਕਰਦੇ ਕਰਦੇ ਦਿਲ ਛੱਡ ਜਾਣ ਵਾਲੇ 49,700 ਲੋਕ (9·3 ਫੀ ਸਦੀ) ਲੋਕ ਸਨ। ਇਨ੍ਹਾਂ ਲੋਕਾਂ ਨੂੰ ਕੰਮ ਤਾਂ ਚਾਹੀਦਾ ਸੀ ਪਰ ਇਨ੍ਹਾਂ ਨੇ ਕੰਮ ਦੀ ਭਾਂਲ ਨਹੀਂ ਕੀਤੀ। 2019 ਦੇ ਮੁਕਾਬਲੇ ਇਹ ਅੰਕੜੇ ਦੁੱਗਣੇ ਹਨ। ਇਸ ਡਾਟਾ ਵਿੱਚ ਇਹ ਵੀ ਸਾਹਮਣੇ ਆਇਆ ਕਿ 25 ਤੋਂ 54 ਸਾਲ ਉਮਰ ਵਰਗ ਦੀਆਂ 28,000 ਮਹਿਲਾਵਾਂ ਨੇ ਵੀ ਮਈ ਵਿੱਚ ਕਿਸੇ ਕਿਸਮ ਦੇ ਕੰਮ ਦੀ ਭਾਲ ਨਹੀਂ ਕੀਤੀ ਕਿਉਂਕਿ ਉਸ ਸਮੇਂ ਓਨਟਾਰੀਓ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਤੀਜੀ ਵੇਵ ਆਈ ਹੋਈ ਸੀ।
ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬੇਰੋਜ਼ਗਾਰੀ ਦਰ ਮਈ ਵਿੱਚ 10·7 ਫੀ ਸਦੀ ਵੀ ਹੋ ਸਕਦੀ ਸੀ ਜੇ ਉਨ੍ਹਾਂ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਜਿਹੜੇ ਕੰਮ ਤਾਂ ਕਰਨਾ ਚਾਹੁੰਦੇ ਹਨ ਪਰ ਜਿਨ੍ਹਾਂ ਕੰਮ ਦੀ ਭਾਲ ਹੀ ਨਹੀਂ ਕੀਤੀ।