11 ਦਿਨਾਂ ਦੀ ਲੜਾਈ ਦੇ ਬਾਅਦ ਇਜ਼ਰਾਈਲ-ਹਮਾਸ ਵਿਚਾਲੇ “Ceasefire” ਸੰਧੀ…!

by vikramsehajpal

ਯੇਰੂਸ਼ਲਮ (ਦੇਵ ਇੰਦਰਜੀਤ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਸੰਘਰਸ਼ 11 ਦਿਨ ਪਹਿਲਾਂ ਸ਼ੁਰੂ ਹੋਇਆ ਜਦੋਂ ਅੱਤਵਾਦੀ ਸਮੂਹ ਨੇ ਯੇਰੂਸ਼ਲਮ 'ਤੇ ਲੰਬੀ ਦੂਰੀ ਦੇ ਰਾਕੇਟ ਦਾਗੇ। ਇਸ ਤੋਂ ਪਹਿਲਾਂ ਅਲ-ਅਕਸਾ ਮਸਜਿਦ ਵਿਚ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲੀ ਪੁਲਸ ਵਿਚਾਲੇ ਝੜਪਾਂ ਨਾਲ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਇਸ ਮਗਰੋਂ ਇਜ਼ਰਾਈਲ ਨੇ ਹਮਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈਂਕੜੇ ਹਵਾਈ ਹਮਲੇ ਕੀਤੇ। ਹਮਾਸ ਅਤੇ ਹੋਰ ਅੱਤਵਾਦੀ ਸਮੂਹਾਂ ਨੇ ਇਜ਼ਰਾਇਲੀ ਸ਼ਹਿਰਾਂ ਵਿਚ 4000 ਤੋਂ ਵੱਧ ਰਾਕੇਟ ਦਾਗੇ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 11 ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਆਖਿਰਕਾਰ ਵੀਰਵਾਰ ਨੂੰ ਜੰਗਬੰਦੀ 'ਤੇ ਜਾ ਕੇ ਖ਼ਤਮ ਹੋ ਗਿਆ। ਇਜ਼ਰਾਇਲੀ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੁਰੱਖਿਆ ਕੈਬਨਿਟ ਨੇ ਗਾਜ਼ਾ ਪੱਟੀ ਵਿਚ 11 ਦਿਨਾਂ ਦੀ ਮਿਲਟਰੀ ਮੁਹਿੰਮ ਨੂੰ ਰੋਕਣ ਲਈ ਇਕਪਾਸੜ ਜੰਗਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਮਾਸ ਦੇ ਇਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਮੁਤਾਬਕ ਇਹ ਜੰਗਬੰਦੀ ਸ਼ੁੱਕਰਵਾਰ ਤੜਕੇ 2 ਵਜੇ ਤੋਂ ਪ੍ਰਭਾਵੀ ਹੋ ਗਈ। ਇਜ਼ਰਾਇਲੀ ਕੈਬਨਿਟ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੇ ਲਾਗੂ ਹੋਣ ਦਾ ਸਮਾਂ ਨਹੀਂ ਦੱਸਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਦਬਾਅ ਵਿਚ ਇਹ ਫ਼ੈਸਲਾ ਲਿਆ ਗਿਆ ਹੈ।