ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ‘ਤੇ ਕਿਸਾਨਾਂ ਦਾ ਧਰਨਾ 226 ਵੇਂ ਦਿਨ ਵਿੱਚ ਦਾਖਲ

by vikramsehajpal

ਬੁਢਲਾਡਾ (ਕਰਨ) - ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਲਾਇਆ ਮੋਰਚਾ ਅੱਜ 226 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਉੱਧਰ ਦਿੱਲੀ ਮੋਰਚਿਆਂ ਲਈ ਕਿਸਾਨਾਂ ਦੇ ਜਥੇ ਵੀ ਨਿੱਤ ਵਾਂਗ ਰਵਾਨਾ ਹੋ ਰਹੇ ਹਨ।
ਇਸ ਮੌਕੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਸਤਪਾਲ ਸਿੰਘ ਬਰੇ , ਤੇਜ ਰਾਮ ਅਹਿਮਦਪੁਰ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜ਼ਿਲਾ ਆਗੂ ਕਾ. ਜਸਵੰਤ ਸਿੰਘ ਬੀਰੋਕੇ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਮਨੋਰਥ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ ਜਿਸ ਨੂੰ ਦੇਸ਼ ਦੇ ਕਿਰਤੀ-ਕਿਸਾਨ ਸਫਲ ਨਹੀਂ ਹੋਣ ਦੇਣਗੇ।


ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਨੇ ਦੇਸ਼ ਅਤੇ ਦੁਨੀਆਂ ਵਿੱਚ ਸੁਨੇਹਾ ਦਿੱਤਾ ਹੈ ਕਿ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਦੀ ਵਫਾਦਾਰੀ ਕਾਰਪੋਰੇਟਾਂ ਅਤੇ ਬਹੁਕੌਮੀ ਕੰਪਨੀਆਂ ਨਾਲ ਹੈ , ਉਨ੍ਹਾਂ ਨੂੰ ਆਵਾਮ ਸੱਤਾ ਤੋਂ ਲਾਂਭੇ ਕਰ ਦੇਵੇਗਾ। ਇਸ ਕਰਕੇ ਹੁਣ ਸਿਆਸੀ ਪਾਰਟੀਆਂ ਦੇ ਗਿਰਗਿਟੀ ਰੰਗ ਨੂੰ ਜਨਤਾ ਹਮਾਮ ਵਿੱਚ ਬੇਪਰਦ ਕਰੇਗੀ ਅਤੇ ਲੋਟੂਆਂ ਦੀ ਲੁੱਟ-ਖਸੁੱਟ ਹੁਣ ਨਹੀਂ ਚੱਲੇਗੀ ।


ਇਕੱਠ ਨੂੰ ਹੋਰਨਾਂ ਤੋਂ ਇਲਾਵਾ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਜਥੇਦਾਰ ਜਵਾਲਾ ਸਿੰਘ , ਗੁਰਦੇਵ ਦਾਸ ਬੋੜਾਵਾਲ , ਮਿੱਠੂ ਸਿੰਘ ਅਹਿਮਦਪੁਰ , ਬਸੰਤ ਸਿੰਘ ਸਹਾਰਨਾ , ਗੁਰਦਰਸ਼ਨ ਸਿੰਘ ਰੱਲੀ , ਭੂਰਾ ਸਿੰਘ ਅਹਿਮਦਪੁਰ , ਬਲਦੇਵ ਸਿੰਘ 'ਮੱਖਣ' ਸਾਬਕਾ ਸਰਪੰਚ , ਸਰੂਪ ਸਿੰਘ ਗੁਰਨੇ ਕਲਾਂ , ਬਹਾਦਰ ਸਿੰਘ ਗੁਰਨੇ ਖੁਰਦ , ਅੰਗਰੇਜ਼ ਸਿੰਘ ਗੁਰਨੇ ਕਲਾਂ ਨੇ ਵੀ ਸੰਬੋਧਨ ਕੀਤਾ।