ਵੈਕਸੀਨ ਲਈ ਨਾਂਹ ਨਾਲੋਂ ਬਿਹਤਰ ਗਰਭਵਤੀ ਮਹਿਲਾਵਾਂ ਵਾਸਤੇ ਕੋਵਿਡ-19 ਵੈਕਸੀਨ ਦੀ ਪਹਿਲੀ ਡੌਜ਼

by vikramsehajpal

ਟਾਰਾਂਟੋ (ਦੇਵ ਇੰਦਰਜੀਤ) : ਕੋਵਿਡ-19 ਵੈਕਸੀਨ ਦੀਆਂ ਦੋ ਡੋਜ਼ਾਂ ਦਰਮਿਆਨ ਵਕਫਾ ਵੱਧ ਜਾਣ ਕਾਰਨ ਕੁੱਝ ਗਰਭਵਤੀ ਕੈਨੇਡੀਅਨ ਮਹਿਲਾਵਾਂ ਆਪਣੀ ਡਲਿਵਰੀ ਤੋਂ ਪਹਿਲਾਂ ਪੂਰਾ ਟੀਕਾਕਰਣ ਨਹੀਂ ਕਰਵਾ ਸਕਣਗੀਆਂ।ਗਰਭਵਤੀ ਮਹਿਲਾਵਾਂ ਨੂੰ ਕੋਵਿਡ-19 ਦਾ ਖਤਰਾ ਵਧੇਰੇ ਹੋਣ ਤੇ ਉਨ੍ਹਾਂ ਵੱਲੋਂ ਆਪਣੇ ਅਣਜੰਮੇਂ ਬੱਚਿਆਂ ਤੱਕ ਐਂਟੀਬੌਡੀਜ਼ ਪਾਸ ਕਰਨ ਕਾਰਨ ਕਈ ਪ੍ਰੋਵਿੰਸਾਂ ਨੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਣ ਪਹਿਲ ਦੇ ਆਧਾਰ ਉੱਤੇ ਕਰਨ ਦਾ ਫੈਸਲਾ ਕੀਤਾ ਹੈ।

ਪਰ ਕਈ ਮਹਿਲਾਵਾਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਦੂਜੀ ਡੋਜ਼ ਨਾ ਲੱਗਣ ਕਾਰਨ ਕਈ ਮਾਪੇ ਪਰੇਸ਼ਾਨ ਹਨ। ਕ੍ਰਿਸਟਨ ਗੌਇਟਲਿਚਰ ਨਾਂ ਦੀ ਮਹਿਲਾ ਨੇ ਦੱਸਿਆ ਕਿ ਵੈਕਸੀਨ ਦੀਆਂ ਦੋ ਡੋਜ਼ਾਂ ਵਿੱਚ 16 ਹਫਤੇ ਦਾ ਅੰਤਰਾਲ ਕਾਫੀ ਜਿ਼ਆਦਾ ਹੈ।

ਉਹ 25 ਹਫਤਿਆਂ ਦੀ ਗਰਭਵਤੀ ਹੈ ਤੇ ਉਸ ਨੂੰ ਪਹਿਲੀ ਡੋਜ਼ ਮਾਰਚ ਵਿੱਚ ਲੱਗੀ ਸੀ। 16 ਹਫਤਿਆਂ ਦੇ ਫਰਕ ਨਾਲ ਉਸ ਦੀ ਦੂਜੀ ਡੋਜ਼ 41ਵੇਂ ਹਫਤੇ ਬਣਦੀ ਹੈ।ਉਹ ਥੰਡਰ ਬੇਅ, ਓਨਟਾਰੀਓ ਵਿੱਚ ਮੈਡੀਕਲ ਲੈਬੌਰਟਰੀ ਟੈਕਨੌਲੋਜਿਸਟ ਹੈ।ਉਸ ਨੇ ਆਖਿਆ ਕਿ ਜਦੋਂ ਤੱਕ ਉਸ ਨੂੰ ਦੂਜੀ ਡੋਜ਼ ਲੱਗੇਗੀ ਉਦੋਂ ਤੱਕ ਉਹ ਜਾਂ ਤਾਂ ਬੱਚੇ ਨੂੰ ਜਨਮ ਦੇਣ ਵਾਲੀ ਹੋਵੇਗੀ, ਜਾਂ ਦੇ ਚੁੱਕੀ ਹੋਵੇਗੀ।

ਸੱਭ ਜਾਣਦੇ ਹਨ ਕਿ ਵੈਕਸੀਨ ਦੀ ਡੋਜ਼ ਨਾਲ ਬੁਖਾਰ, ਥਕਾਣ ਤੇ ਕਈ ਤਰ੍ਹਾਂ ਦੇ ਹੋਰ ਲੱਛਣ ਵੀ ਹੁੰਦੇ ਹਨ ਤੇ ਜਣੇਪੇ ਦੌਰਾਨ ਜਾਂ ਉਸ ਤੋਂ ਤੁਰੰਤ ਬਾਅਦ ਉਹ ਇਸ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦੀ। ਪਰ ਇੱਕ ਫਰਟਿਲਿਟੀ ਮਾਹਿਰ ਦਾ ਕਹਿਣਾ ਹੈ ਕਿ ਕਿਸੇ ਡੋਜ਼ ਦੇ ਨਾ ਲਾਏ ਜਾਣ ਨਾਲੋਂ ਇੱਕ ਡੋਜ਼ ਤਾਂ ਚੰਗੀ ਹੈ। ਇੱਕ ਇੰਟਰਵਿਊ ਵਿੱਚ ਪੈਸੇਫਿਕ ਸੈਂਟਰ ਫੌਰ ਰੀਪ੍ਰੋਡਕਟਿਵ ਮੈਡੀਸਿਨ ਦੀ ਪਾਰਟਨਰ ਤੇ ਕੋ-ਡਾਇਰੈਕਟਰ ਡਾ· ਕੇਟਲੀਨ ਡਿਊਨ ਨੇ ਆਖਿਆ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਕਈ ਮਹਿਲਾਵਾਂ ਨੂੰ ਹੈ ਪਰ ਹਕੀਕਤ ਇਹ ਹੈ ਕਿ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਜਾਂ ਆਪਣਾ ਪਰਿਵਾਰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ ਉਨ੍ਹਾਂ ਨੂੰ ਕੋਵਿਡ-19 ਵੈਕਸੀਨ ਲਵਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਵੈਕਸੀਨ ਦੀ ਇੱਕ ਡੋਜ਼ ਵੀ ਮਾਂ ਤੇ ਬੱਚੇ ਦੀ ਹਿਫਾਜ਼ਤ ਲਈ ਕਾਫੀ ਹੈ ਕਿਉਂਕਿ ਮਾਂ ਤੋਂ ਗਰਭ ਵਿੱਚ ਪਲ ਰਹੇ ਬੱਚੇ ਨੂੰ ਪੈਸਿਵ ਐਂਟੀਬੌਡੀਜ਼ ਮਿਲ ਜਾਂਦੀਆਂ ਹਨ।