ਤਰਨਤਾਰਨ (ਇੰਦਰਜੀਤ ਸਿੰਘ ਚਾਹਲ) : ਪਾਕਿਸਤਾਨ ਦੀ ਜੇਲ੍ਹ 'ਚ ਬੰਦ ਪੰਜਾਬ ਦੇ ਤਰਨਤਾਰਨ ਦੇ ਪਿੰਡ ਘੜਕਾ ਚੰਬਾ ਦੀ ਬਲਜਿੰਦਰ ਕੌਰ ਇਕ ਫ਼ੌਜੀ ਦੀ ਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਸ ਨੇ ਚਿੱਠੀ 'ਚ ਲਿਖਿਆ ਹੈ, ਪਿਆਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਜੈ ਹਿੰਦ। ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ 59 ਘੰਟਿਆਂ 'ਚ ਪਾਕਿਸਤਾਨ ਤੋਂ ਭਾਰਤ ਲਿਆਉਣ 'ਚ ਤੁਹਾਡੀ ਸਰਕਾਰ ਨੇ ਜੋ ਕਦਮ ਚੁੱਕਿਆ, ਉਸ ਦਾ ਲੋਹਾ ਦੁਨੀਆ ਮੰਨ ਰਹੀ ਹੈ।ਤੁਸੀਂ ਵਧਾਈ ਦੇ ਹੱਕਦਾਰ ਹੋ। ਨਾਲ ਹੀ ਭਾਤਰੀ ਫ਼ੌਜ ਦੀ ਬਹਾਦਰੀ ਦੀ ਨਵੀਂ ਚਮਕ ਵੇਖਣ ਨੂੰ ਵੀ ਮਿਲੀ ਹੈ। ਮੇਰੀ ਬੇਨਤੀ ਹੈ ਕਿ 1965 ਅਤੇ 71 ਦੀ ਜੰਗ ਦੌਰਾਨ ਪਾਕਸਤਾਨ ਵੱਲੋਂ ਬੰਦੀ ਬਣਾਏ ਉਨ੍ਹਾਂ 74 ਭਾਰਤੀ ਫ਼ੌਜੀਆਂ ਦੀ ਰਿਹਾਈ ਲਈ ਵੀ ਕਦਮ ਚੁੱਕੇ ਜਾਣ, ਜੋ ਕਈ ਸਾਲਾਂ ਤੋਂ ਤਿਲ-ਤਿਲ ਕਰਕੇ ਜੀਅ ਰਹੇ ਹਨ। ਚਿੱਠੀ 'ਚ ਉਸ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਅਭਿਨੰਦਨ ਵਰਗੇ 74 ਫ਼ੌਜੀ ਬੰਦ ਹਨ।
ਉਸ ਨੇ ਪੀਐੱਮ ਨੂੰ ਇਨ੍ਹਾਂ ਜਵਾਨਾਂ ਨੂੰ ਮੁਕਤ ਕਰਵਾਉਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅਭਿਨੰਦ ਵਾਂਗ ਪਾਕਿਤਸਾਨ 'ਚ ਬੰਦ ਕੈਦੀਆਂ ਨੂੰ ਵੀ ਭਾਰਤ ਵਾਪਸ ਲਿਆਂਦਾ ਜਾਵੇ।ਬਲਜਿੰਦਰ ਕੌਰ ਦਾ ਕਹਿਣਾ ਹੈ ਕਿ 25 ਜੁਲਾਈ 2017 ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ 39 ਭਾਰਤੀ ਨਾਗਰਿਕਾਂ ਦੇ ਜ਼ਿੰਦਾ ਹੋਣ ਦਾ ਬਿਆਨ ਦਿੱਤਾ ਸੀ। ਇਹ ਵੀ ਕਿਹਾ ਸੀ ਕਿ ਇਨ੍ਹਾਂ ਜੰਗਾਂ ਦੌਰਾਨ ਪਾਕਿਸਤਾਨ ਵੱਲੋਂ 74 ਫ਼ੌਜੀਆਂ ਨੂੰ ਬੰਦੀ ਬਣਾਇਆ ਗਿਆ ਸੀ। ਉਨ੍ਹਾਂ ਨੇ ਫ਼ੌਜੀਆਂ ਨੂੰ ਰਿਹਾਅ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ। ਬਲਜਿੰਦਰ ਨੇ ਕਿਹਾ, ਇਸ ਤਰ੍ਹਾਂ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਵਿੰਗ ਕਮਾਂਡਰ ਅਭਿਨੰਦਨ ਵਾਂਗ ਪਾਕਿ 'ਚ ਕੈਦ ਇਨ੍ਹਾਂ ਫ਼ੌਜੀਆਂ ਦੀ ਰਿਹਾਈ ਲਈ ਵੀ ਗੰਭੀਰਤਾ ਨਾਲ ਪਹਿਲ ਕਰੇ।ਬਲਜਿੰਦਰ ਕੌਰ ਦੇ ਪਿਤਾ ਬਲਵਿੰਦਰ ਸਿੰਘ (3362050-10 ਸਿੱਖ ਰੈਜੀਮੈਂਟ) 1971 ਦੀ ਜੰਗ ਦੌਰਾਨ ਲਾਪਤਾ ਹੋ ਗਏ ਸਨ।
ਉਨ੍ਹਾ ਬਾਰੇ ਪਤਾ ਨਾ ਲੱਗਣ 'ਤੇ ਉਨ੍ਹਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ। ਪਰ, ਬਲਵਿੰਦਰ ਦੀ ਸ਼ਹਾਦਤ ਹੋਈ ਹੈ, ਇਸ ਦਾ ਕੋਈ ਸਬੂਤ ਅੱਜ ਤਕ ਨਹੀਂ ਮਿਲਿਆ। ਜੂਨ 1971 'ਚ ਬਲਵਿੰਦਰ ਸਿੰਘ ਦਾ ਵਿਆਹ ਪਿੰਡ ਧੂੰਦਾ ਦੀ ਹਰਬੰਸ ਕੌਰ ਨਾਲ ਹੋਇਆ ਸੀ। ਭਾਰਤ-ਪਾਕਿਸਤਾਨ ਦਰਮਿਆਨ 3 ਦਸੰਬਰ 1971 ਨੂੰ ਜੰਗ ਸ਼ੁਰੂ ਹੋ ਗਈ। ਇਹ ਜੰਗ 16 ਦਸੰਬਰ ਨੂੰ ਖਤਮ ਹੋਈ। ਜੰਗ ਦੌਰਾਨ ਬਵਿੰਦਰ ਸਿੰਘ ਲਾਪਤਾ ਹੋ ਗਿਆ। ਫ਼ੌਜ ਨੇ ਉਸ ਨੂੰ ਸ਼ਹੀਦ ਕਰਾਰ ਦੇ ਦਿੱਤਾ।15 ਮਾਰਚ 1972 ਨੂੰ ਹਰਬੰਸ ਕੌਰ ਨੇ ਬੇਟੀ ਨੂੰ ਜਨਮ ਦਿੱਤਾ। ਇਸ ਬੇਟੀ ਦਾ ਨਾਂ ਬਲਜਿੰਦਰ ਕੌਰ ਹੈ। ਵਿੰਗ ਕਮਾਂਡਰ ਅਭਿਨੰਦਨ ਦੀ ਸਕੁਸ਼ਲ ਵਤਨ ਵਾਪਸੀ ਤੋਂ ਬਾਅਦ ਬਲਜਿੰਦਰ ਨੇ ਪ੍ਰਧਾਨ ਮੰਤਰੀ ਨੂੰ 1965 ਅਤੇ 1971 ਦੀ ਜੰਗ ਦੇ ਬੰਦੀਆਂ ਦੀ ਰਿਹਾਈ ਲਈ ਖਤ ਲਿਖਿਆ ਹੈ। ਉਸ ਨੂੰ ਉਮੀਦ ਹੈ ਕਿ ਉਸ ਦੇ ਪਿਤਾ ਵੀ ਪਾਕਿਸਤਾਨ ਦੀ ਜੇਲ੍ਹ 'ਚ ਕੈਦ ਹੋ ਸਕਦੇ ਹਨ।