by vikramsehajpal
ਵਾਸ਼ਿੰਗਟਨ (ਦੇਵ ਇੰਦਰਜੀਤ)- ਵ੍ਹਾਈਟ ਹਾਊਸ ਨੇ ਰੂਸ ਖ਼ਿਲਾਫ਼ ਪਾਬੰਦੀਆਂ ਦੇ ਨਵੇਂ ਐਲਾਨ ਕਰਦਿਆਂ 10 ਰੂਸੀ ਸਫ਼ੀਰਾਂ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਚੋਣਾਂ ’ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਵਿਰੁੱਧ ਅਮਰੀਕਾ ਨੇ ਇਹ ਕਦਮ ਉਠਾਇਆ ਹੈ। ਇਸ ਦੇ ਨਾਲ ਅਮਰੀਕਾ ਨੇ ਰੂਸ ਦੇ ਕਰੀਬ 3 ਦਰਜਨ ਵਿਅਕਤੀਆਂ ਅਤੇ ਕੰਪਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।
ਅਮਰੀਕਾ ਨੇ ਪਹਿਲੀ ਵਾਰ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ ਰੂਸੀ ਖ਼ੁਫ਼ੀਆ ਏਜੰਸੀਆਂ ਉਸ ਦੇ ਕੰਮਕਾਜ ’ਚ ਦਖ਼ਲ ਦੇ ਰਹੀਆਂ ਸਨ। ਬਾਇਡਨ ਸਰਕਾਰ ਮੁਤਾਬਕ ਰੂਸੀ ਹੈਕਰਾਂ ਨੇ ਅਮਰੀਕਾ ਦੇ ਸਾਫ਼ਟਵੇਅਰਾਂ ’ਚ ਵਾਇਰਸ ਪਾ ਕੇ ਉਨ੍ਹਾਂ ਨੂੰ ਹੈਕ ਕਰਕੇ ਖ਼ੁਫ਼ੀਆ ਜਾਣਕਾਰੀ ਹਾਸਲ ਕਰ ਲਈ ਸੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਇਹ ਵੀ ਦੋਸ਼ ਲਾਇਆ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਡੋਨਲਡ ਟਰੰਪ ਨੂੰ ਚੋਣਾਂ ’ਚ ਜਿਤਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ।