ਦਿੱਲੀ(Nri Media/ਦੇਵ ਇੰਦਰਜੀਤ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਿੰਘੂ ਬਾਰਡਰ ਦੇ ਪੱਕੇ ਮੋਰਚੇ ਦੇ 133ਵੇਂ ਦਿਨ ਵਿਸ਼ਾਲ ਇਕੱਠ ਕਰਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਦਿੱਤੇ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ। ਇਸਦੇ ਨਾਲ ਹੀ ਤੁਰੰਤ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੇ ਐਮ.ਐਸ.ਪੀ. ਦਾ ਲਿਖਤੀ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਸਿਹਤ ਮੰਤਰੀ, ਖੇਤੀਬਾੜੀ ਮੰਤਰੀ ਅਤੇ ਖੁਰਾਕ ਮੰਤਰੀ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਬਿਆਨਬਾਜੀ ਕੀਤੀ ਜਾ ਰਹੀ ਹੈ।
ਜਿਵੇਂ ਕਿ ਕੇਂਦਰ ਸਿਹਤ ਮੰਤਰੀ ਡਾ. ਹਰਸ਼ਵਰਧਨ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਕੋਰੋਨਾ ਦੀ ਮਹਾਂਮਾਰੀ ਫੈਲ ਰਹੀ ਹੈ। ਜੋ ਕਿ ਸਰਕਾਰ ਦੀ ਡੂੰਘੀ ਸਾਜਿਸ਼ ਦੇ ਸੰਕੇਤ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਘਟੀਆ ਅਤੇ ਖਤਰਨਾਕ ਬਿਆਨਬਾਜੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਸਿਹਤ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਕਿਹਾ ਕਿ ਕੋਰੋਨਾ ਨੂੰ ਇੱਕ ਹਊਏ ਦੇ ਤੌਰ ਤੇ ਪੇਸ਼ ਨਾ ਕੀਤਾ ਜਾਵੇ। ਇਹ ਕੋਈ ਜਾਨਲੇਵਾ ਬਿਮਾਰੀ ਨਹੀਂ ਹੈ।
ਇਹ ਇੱਕ ਸਾਧਾਰਨ ਕਿਸਮ ਦਾ ਫਲੂ ਹੈ। ਕੇਂਦਰ ਸਰਕਾਰ ਪਹਿਲਾਂ ਹੀ ਇਸ ਨੂੰ ਕਾਰਪੋਰੇਟਾਂ ਦੇ ਹੱਕ ਵਿੱਚ ਇੱਕ ਮੌਕੇ ਦੇ ਤੌਰ ’ਤੇ ਵਰਤ ਚੁੱਕੀ ਹੈ, ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਖਿਲਾਫ ਦੇਸ਼ ਭਰ ਵਿੱਚ ਇੱਕ ਵਿਸ਼ਾਲ ਲਹਿਰ ਫੈਲ ਚੁੱਕੀ ਹੈ। ਥਾਂ ਥਾਂ ਭਾਜਪਾ ਦੇ ਮੰਤਰੀਆਂ, ਵਿਧਾਇਕਾਂ ਸੰਸਦਾਂ ਦੇ ਖਿਲਾਫ ਜਨਤਾ ਵੱਲੋਂ ਪਰਦਰਸ਼ਨ ਹੋ ਰਹੇ ਹਨ। ਜਿਸ ਤੋਂ ਘਬਰਾਅ ਕੇ ਕੇਂਦਰ ਸਰਕਾਰ ਦੀ ਭਾਜਪਾ ਲੀਡਰਸ਼ਿੱਪ ਬੁਰੀ ਤਰ੍ਹਾਂ ਬੁਖਲਾਹਟ ਵਿੱਚ ਆਈ ਹੋਈ ਹੈ ਤੇ ਬੇਤੁਕੀ ਬਿਆਨਬਾਜੀ ਦੇ ਨਾਲ ਸਮਾਜ ਅੰਦਰ ਫਿਰਕੂ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੱਦਾ ਦਿੰਦਿਆਂ ਮੰਗ ਕੀਤੀ ਕਿ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐਮ.ਐਸ.ਪੀ. ਸਬੰਧੀ ਲਿਖਤੀ ਕਾਨੂੰਨ ਬਣਾਇਆ ਜਾਵੇ।
ਕਣਕ ਦੀ ਖਰੀਦ ਸਬੰਧੀ ਲਾਈਆਂ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ, ਕਿਸਾਨ ਆਗੂਆਂ ਤੇ ਕੀਤੇ ਨਜਾਇਜ ਪਰਚੇ ਰੱਦ ਕੀਤੇ ਜਾਣ, ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ। ਇਸ ਸਮੇਂ ਇੰਦਰਜੀਤ ਸਿੰਘ ਕੱਲੀਵਾਲ, ਰਣਬੀਰ ਸਿੰਘ ਰਾਣਾ, ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਨਿਰਮਲ ਸਿੰਘ ਝੰਡੋਵਾਲ, ਪਰਮਜੀਤ ਸਿੰਘ ਪੱਕਾ ਕੋਠਾ, ਸਰਵਨ ਸਿੰਘ ਬਾਊਪੁਰ, ਹਰਿੰਦਰ ਸਿੰਘ ਉੱਚਾ, ਨਰਿੰਦਰਪਾਲ ਸਿੰਘ ਜੁਤਾਲਾ, ਸੁਖਵਿੰਦਰ ਸਿੰਘ ਪੱਪਾ, ਖਿਲਾਰਾ ਸਿੰਘ ਪੰਨੂੰ ਆਦਿ ਆਗੂ ਸ਼ਾਮਲ ਸਨ।