ਨਵੀਂ ਦਿੱਲੀ (ਦੇਵ ਇੰਦਰਜੀਤ) - ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੁੜ ਤੇਜ਼ੀ ਨਾਲ ਵਧਣ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 47 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 200 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 46,951 ਨਵੇਂ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਐਤਵਾਰ ਨੂੰ ਇਹ ਗਿਣਤੀ 43,846, ਸ਼ਨੀਵਾਰ ਨੂੰ 40,953 ਅਤੇ ਸ਼ੁੱਕਰਵਾਰ ਨੂੰ 39,726 ਦਰਜ ਕੀਤੀ ਗਈ ਸੀ।
ਇਸ ਮਿਆਦ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 212 ਦਰਜ ਕੀਤੀ ਗਈ ਹੈ। ਐਤਵਾਰ ਨੂੰ ਇਹ ਗਿਣਤੀ 197, ਸ਼ਨੀਵਾਰ ਨੂੰ 188, ਸ਼ੁੱਕਰਵਾਰ ਨੂੰ 154, ਵੀਰਵਾਰ ਨੂੰ 172, ਬੁੱਧਵਾਰ ਨੂੰ 188, ਮੰਗਲਵਾਰ ਨੂੰ 131 ਦਰਜ ਕੀਤੀ ਗਈ ਸੀ। ਇਸ ਵਿਚ ਦੇਸ਼ 'ਚ ਹੁਣ ਤੱਕ 4 ਕਰੋੜ 50 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਦੱਸ ਦਈਏ ਕੀ ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 46,951 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਇਕ ਕਰੋੜ 16 ਲੱਖ 46 ਹਜ਼ਾਰ ਤੋਂ ਵੱਧ ਹੋ ਗਈ ਹੈ।
ਪਿਛਲੇ 24 ਘੰਟਿਆਂ 'ਚ 21,180 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,11,51,468 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋ ਚੁਕੇ ਹਨ। ਸਰਗਰਮ ਮਾਮਲੇ 25,559 ਤੋਂ ਵੱਧ ਕੇ 3,34,646 ਹੋ ਗਏ ਹਨ। ਇਸੇ ਮਿਆਦ 'ਚ 212 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,59,967 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ 95.75 ਅਤੇ ਸਰਗਰਮ ਮਾਮਲਿਆਂ ਦੀ ਦਰ 2.87 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਹਾਲੇ 1.37 ਫੀਸਦੀ ਹੈ।