ਦਿੱਲੀ,(ਦੇਵ ਇੰਦਰਜੀਤ) :ਟਿਕੈਤ ਨੇ ਕਿਹਾ ਕਿ ਜੇਲ ’ਚ ਬੰਦ ਕੈਦੀਆਂ ਨੂੰ ਵੀ ਵੈਕਸੀਨ ਲੱਗਣੀ ਚਾਹੀਦੀ ਹੈ। ਉਨ੍ਹਾਂ ਨੇ ਖ਼ੁਦ ਵੀ ਵੈਕਸੀਨ ਲਗਵਾਉਣ ਦੀ ਗੱਲ ਆਖੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੰਗ ਕੀਤੀ ਕਿ ਅੰਦੋਲਨ ਵਾਲੀ ਜਗ੍ਹਾ ’ਤੇ ਕਿਸਾਨਾਂ ਨੂੰ ਟੀਕੇ ਲਗਾਏ ਜਾਣ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਰਾਕੇਸ਼ ਟਿਕੈਤ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਲੱਗਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੱਸੀ ਜਾ ਰਹੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਤੇਜ਼ੀ ਵੇਖੀ ਜਾ ਰਹੀ ਹੈ। ਭਾਰਤ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1,14,74,605 ਹੈ। 72 ਨਵੀਆਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 1,59,216 ਹੋ ਗਈ ਹੈ। ਦੇਸ਼ ਅੰਦਰ ਸਰਗਰਮ ਕੇਸਾਂ ਦੀ ਗਿਣਤੀ ਹੁਣ 2,52,364 ਹੈ ਅਤੇ 1,10,63,025 ਲੋਕ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ।