ਅੰਮ੍ਰਿਤਸਰ,(ਦੇਵ ਇੰਦਰਜੀਤ) :ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਰੇਲਵੇ ਬਜਟ ਮੌਕੇ ਬੋਲਦਿਆਂ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੇ ਨਾਲ-ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਬੁਲੇਟ ਟ੍ਰੇਨ ਚਲਾਉਣ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਪਠਾਨਕੋਟ ਜੋ ਜੰਮੂ-ਕਸ਼ਮੀਰ ਨੂੰ ਪੰਜਾਬ ਨਾਲ ਜੋੜਦਾ ਹੈ ਤੇ ਡਬਲ ਰੇਲਵੇ ਟਰੈਕ ਬਣਾਉਣ ਦੀ ਲੋੜ ਤੇ ਜੋਰ ਦਿੱਤਾ।
ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਦੱਖਣ ਵੱਲ ਨੂੰ ਜਾਣ ਲਈ ਕੋਈ ਸਿੱਧੀ ਟ੍ਰੇਨ ਨਹੀਂ ਹੈ। ਕੋਚੀ ਟ੍ਰੇਨ ਨੂੰ ਰੋਜ਼ਾਨਾ ਚਲਾਇਆ ਜਾਵੇ। ਅੰਮ੍ਰਿਤਸਰ ਤੋਂ ਹੈਦਰਾਬਾਦ ਨਾਦੇੜ 12716 ਜਿਹੜੀ ਅੰਮ੍ਰਿਤਸਰ ਤੋਂ 5.50 ਤੇ ਸਵੇਰ ਵੇਲੇ ਚਲਦੀ ਹੈ ਉਸ ਦਾ ਸਮਾਂ ਇੱਕ ਘੰਟਾ ਪਹਿਲਾਂ ਕਰਕੇ ਵਾਇਆ ਤਰਨਤਾਰਨ- ਖਡੂਰ ਸਾਹਿਬ-ਬਿਆਸ ਚਲਾਈ ਜਾਵੇ ਤਾਂ ਜੋ ਦੇਰ ਰਾਤ ਤੱਕ ਹਜ਼ੂਰ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਅੰਮ੍ਰਿਤਸਰ ਤੋਂ ਨੰਦੇੜ ਅਤੇ ਅੰਮ੍ਰਿਤਸਰ ਤੋਂ ਗੋਆ ਪੂਨੇ ਤੱਕ ਨਵੀਆਂ ਸਿੱਧੀਆਂ ਟਰੇਨਾਂ ਚਲਾਈਆਂ ਜਾਣ।
ਮੈਂਬਰ ਪਾਰਲੀਮੈਂਟ ਔਜਲਾ ਨੇ ਅੰਮ੍ਰਿਤਸਰ ਸਾਹਿਬ ਦੀ ਧਾਰਮਿਕ, ਪਵਿੱਤਰ ਤੇ ਇਤਿਹਾਸਿਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਉਚੇਚੇ ਤੌਰ ਤੇ ਧਿਆਨ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤਿੰਨ ਤਿੰਨ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ, ਇਸ ਲਈ ਅੰਮ੍ਰਿਤਸਰ ਤੋਂ ਦੱਖਣ ਵੱਲ ਜਾਣ ਵਾਲੀਆਂ ਟਰੇਨਾਂ ਚਲਾ ਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ।