ਸਿਡਨੀ (ਦੇਵ ਇੰਦਰਜੀਤ)- ਸਿਡਨੀ ’ਚ ਕੁਝ ਸਿੱਖਾਂ ਨੇ ਨਫ਼ਰਤੀ ਹਿੰਸਾ ਦੇ ਪੀੜਤ ਹੋਣ ਦਾ ਦਾਅਵਾ ਕੀਤਾ ਹੈ। ਸਿੱਖਾਂ ਨੇ ਦੱਸਿਆ ਕਿ ਕੁਝ ਬਦਮਾਸ਼ਾਂ ਨੇ ਐਤਵਾਰ ਨੂੰ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ। ਸੀਸੀਟੀਵੀ ਫੁਟੇਜ ’ਚ ਨਜ਼ਰੀਂ ਪੈਂਦਾ ਹੈ ਕਿ ਕੁਝ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ ਮਗਰੋਂ ਸਿੱਖ ਕਾਰ ’ਚ ਭੱਜਦੇ ਨਜ਼ਰ ਆ ਰਹੇ ਹਨ। ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਬੱਲਿਆਂ ਅਤੇ ਹਥੌੜਿਆਂ ਨਾਲ ਭੰਨ ਦਿੱਤੀ ਸੀ।
‘7 ਨਿਊਜ਼’ ਦੀ ਰਿਪੋਰਟ ਮੁਤਾਬਕ ਸਿੱਖ ਵਿਅਕਤੀ ਹਮਲੇ ਵੇਲੇ ਕਾਰ ਦੇ ਅੰਦਰ ਹੀ ਸਨ। ਸਿੱਖਾਂ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਨੇ ਕਾਰ ਦਾ 10 ਹਜ਼ਾਰ ਡਾਲਰ ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਜਦੋਂ ਉਹ ਮੌਕੇ ਤੋਂ ਬਚ ਕੇ ਨਿਕਲ ਗਏ ਤਾਂ ਹਮਲਾਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਮੁੜ ਹਮਲਾ ਕੀਤਾ। ਇਹ ਘਟਨਾ ਐਤਵਾਰ ਨੂੰ ਸਿਡਨੀ ਵੈਸਟ ਦੇ ਹੈਰਿਸ ਪਾਰਕ ’ਚ ਵਾਪਰੀ ਜਿਥੇ ਪਹਿਲਾਂ ਤੋਂ ਹੀ ਤਣਾਅ ਬਣਿਆ ਹੋਇਆ ਹੈ।
ਇਕ ਪੀੜਤ ਨੇ ਕਿਹਾ ਕਿ ਜਿਸ ਢੰਗ ਨਾਲ ਉਨ੍ਹਾਂ ’ਤੇ ਹਮਲਾ ਹੋਇਆ ਹੈ, ਉਸ ਨਾਲ ਕੋਈ ਵੀ ਮਾਰਿਆ ਜਾ ਸਕਦਾ ਸੀ। ਉਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਕਿਉਂਕਿ ਉਨ੍ਹਾਂ ਪੱਗਾਂ ਬੰਨ੍ਹੀਆਂ ਹੋਈਆਂ ਸਨ।