ਓਨਟਾਰੀਓ (ਦੇਵ ਇੰਦਰਜੀਤ)- ਬਰਫੀਲੀਆਂ ਤੇਜ਼ ਹਵਾਂਵਾਂ ਚੱਲਣ ਕਾਰਨ ਹਾਈਵੇਅ 400 ਅਤੇ ਹਾਈਵੇਅ 89 ਤੋਂ ਬੈਰੀ ਵਿੱਚ ਮੇਪਲਵਿਊ ਡਰਾਈਵ ਤੱਕ ਉੱਤ?ਰ ਤੇ ਦੱਖਣ ਵੱਲ ਸਾਰੀਆਂ ਲੇਨਜ਼ ਬੰਦ ਹੋਣ ਕਾਰਨ ਆਵਾਜਾਈ ਠੱਪ ਹੋ ਗਈ। ਇੱਥੇ ਕਈ ਗੱਡੀਆਂ ਆਪਸ ਵਿੱਚ ਟਕਰਾ ਜਾਣ ਕਾਰਨ ਵੀ ਟਰੈਫਿਕ ਜਾਮ ਹੋ ਗਿਆ ਹੈ। ਟਰੈਫਿਕ ਨੂੰ ਕਿਸੇ ਤਰ੍ਹਾਂ ਕਲੀਅਰ ਕਰਾਇਆ ਜਾ ਰਿਹਾ ਹੈ।
ਓਪੀਪੀ ਦਾ ਕਹਿਣਾ ਹੈ ਕਿ ਮੌਸਮ ਵਿੱਚ ਸੁਧਾਰ ਹੋਣ ਤੱਕ ਹਾਈਵੇਅ ਬੰਦ ਰੱਖਿਆ ਜਾਵੇਗਾ। ਗੱਡੀਆਂ ਦੀ ਟੱਕਰ ਵਿੱਚ ਕਿਸੇ ਦੇ ਵੀ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਓਪੀਪੀ ਸਾਰਜੈਂਟ ਕੈਰੀ ਸ਼ਮਿਡਟ ਦਾ ਕਹਿਣਾ ਹੈ ਕਿ ਇਸ ਦੌਰਾਨ 15 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਫਬਾਰੀ ਸਾਰਾ ਦਿਨ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ।
ਐਨਵਾਇਰਮੈਂਟ ਕੈਨੇਡਾ ਵੱਲੋਂ ਵੀ ਕਈ ਤਰ੍ਹਾਂ ਦੀਆਂ ਐਡਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ ਹਨ। ਖਾਸਤੌਰ ਉੱਤੇ ਬੈਰੀ ਵਿੱਚ ਬਰਫੀਲੀਆਂ ਤੇਜ਼ ਹਵਾਵਾਂ ਚੱਲਣ ਤੇ ਬਰਫਬਾਰੀ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਟੋਰਾਂਟੋ ਵਿੱਚ ਮੌਸਮ ਸਬੰਧੀ ਸਪੈਸ਼ਲ ਐਡਵਾਈਜ਼ਰੀ ਤੇ ਹਾਲਟਨ-ਪੀਲ ਵਿੱਚ ਬਰਫੀਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।