ਬਰੈਂਪਟਨ (ਦੇਵ ਇੰਦਰਜੀਤ)- ਆਟੋ ਇੰਸ਼ੋਰੈਂਸ ਦਰਾਂ ਵਿੱਚ ਕਟੌਤੀ ਕਰਨ ਲਈ ਓਨਟਾਰੀਓ ਸਰਕਾਰ ਉੱਤੇ ਦਬਾਅ ਪਾਉਣ ਲਈ ਐਡਵੋਕੇਸੀ ਕੈਂਪੇਨ ਲਾਂਚ ਕਰਨ ਵਾਸਤੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਲਿਆਂਦੇ ਮਤੇ ਦੇ ਪੱਖ ਵਿੱਚ ਬਰੈਂਪਟਨ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਵੋਟ ਪਾਈ ਗਈ।
ਕਾਊਂਸਲਰ ਢਿੱਲੋਂ ਨੇ ਆਖਿਆ ਕਿ ਪ੍ਰੋਵਿੰਸ ਵੱਲੋਂ ਕਈ ਸਾਲਾਂ ਤੋਂ ਇਸ ਪਾਸੇ ਵੱਲ ਕੋਈ ਤਵੱਜੋ ਨਾ ਦਿੱਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਸਾਡੀ ਕਾਊਂਸਲ ਵੱਲੋਂ ਸਾਡੇ ਰੈਜ਼ੀਡੈਂਟਸ ਲਈ ਜਾਇਜ਼ ਇੰਸ਼ੋਰੈਂਸ ਦਰਾਂ ਦੀ ਰਸਮੀ ਪੈਰਵੀ ਕਰਨ ਦੀ ਲੋੜ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਲਈ ਇੱਕ ਨਿਰਧਾਰਤ ਸਿਸਟਮ ਹੋਣਾ ਚਾਹੀਦਾ ਹੈ। ਚੰਗੇ ਡਰਾਈਵਿੰਗ ਰਿਕਾਰਡ ਵਾਲਿਆਂ ਨੂੰ ਸਿਰਫ ਇਸ ਲਈ ਜੁਰਮਾਨਾ ਨਹੀਂ ਹੋਣਾ ਚਾਹੀਦਾ ਕਿ ਉਹ ਗਲਤ ਪੋਸਟਲ ਕੋਡ ਵਿੱਚ ਰਹਿੰਦੇ ਹਨ।
ਇਸ ਮਤੇ ਵਿੱਚ ਮੰਗ ਕੀਤੀ ਗਈ ਕਿ ਸਿਟੀ ਦੀ ਮੌਜੂਦਾ ਹੈਲਥਕੇਅਰ ਐਡਵੋਕੇਸੀ ਵੈੱਬਸਾਈਟ FairDealForBrampton.ca ਦਾ ਪਸਾਰ ਕਰਕੇ ਉਸ ਵਿੱਚ ਆਟੋ ਇੰਸ਼ੋਰੈਂਸ ਅਵੇਅਰਨੈੱਸ ਵਾਲਾ ਹਿੱਸਾ ਵੀ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਕ ਅਜਿਹੀ ਪਟੀਸ਼ਨ ਵੀ ਹੋਣੀ ਚਾਹੀਦੀ ਹੈ ਜਿਸ ਵਿੱਚ ਇਹ ਮੰਗ ਕੀਤੀ ਜਾਵੇ ਕਿ ਪ੍ਰੋਵਿੰਸ ਵੱਲੋਂ ਜਲਦ ਤੋਂ ਜਲਦ ਬਰੈਂਪਟਨ ਵਾਸੀਆਂ ਨੂੰ ਆਟੋ ਇੰਸ਼ੋਰੈਂਸ ਦਰਾਂ ਵਿੱਚ ਕਟੌਤੀ ਕਰਕੇ ਬਿਹਤਰ ਡੀਲ ਦੇਣੀ ਚਾਹੀਦੀ ਹੈ। ਇਸ ਸਮੇਂ ਬਰੈਂਪਟਨ ਵਾਸੀਆਂ ਨੂੰ ਪ੍ਰੋਵਿੰਸ ਵਿੱਚ ਸੱਭ ਤੋਂ ਵੱਧ ਆਟੋ ਇੰਸ਼ੋਰੈਂਸ ਦਰਾਂ ਚੁਕਾਉਣੀਆਂ ਪੈ ਰਹੀਆਂ ਹਨ। ਇਹ ਪਟੀਸ਼ਨ ਓਨਟਾਰੀਓ ਦੇ ਪ੍ਰੀਮੀਅਰ ਤੇ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੂੰ ਜਲਦੀ ਹੀ ਭੇਜੀ ਜਾਵੇਗੀ।