ਨਿਊਯਾਰਕ (ਦੇਵ ਇੰਦਰਜੀਤ)- ਅਮਰੀਕਾ ਦੇ ਟੈਕਸਾਸ ਅਤੇ ਮੈਕਸੀਕੋ ਵਿਚ ਖਤਰਨਾਕ ਬਰਫੀਲੇ ਤੂਫਾਨਾਂ ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਨਿਰੰਤਰ ਬਰਫਬਾਰੀ ਦੇ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਕੱਲੇ ਟੈਕਸਾਸ ਵਿਚ 44 ਮਿਲੀਅਨ ਤੋਂ ਵੱਧ ਆਬਾਦੀ ਬਿਨਾ ਬਿਜਲੀ ਦੇ ਘਰਾਂ ਵਿਚ ਬੰਦ ਹੈ। ਟੈਕਸਾਸ ਵਿੱਚ 100 ਤੋਂ ਵੱਧ ਕਾਉਂਟੀਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਲਈ ਕਿਹਾ ਗਿਆ ਹੈ। ਇਥੇ 200 ਤੋਂ ਵੱਧ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਟੀਕਾਕਰਨ ਕੇਂਦਰ ਵੀ ਬੰਦ ਕਰ ਦਿੱਤੇ ਗਏ ਹਨ। ਬਜ਼ੁਰਗਾਂ ਦੀ ਜਾਨ ਬਚਾਉਣ ਲਈ ਰਾਸ਼ਟਰੀ ਗਾਰਡ ਤਾਇਨਾਤ ਕੀਤੇ ਗਏ ਹਨ। ਟੈਕਸਾਸ ਅਤੇ ਹਿਊਸਟਨ ਵਿਚ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਅਮਰੀਕਾ ਦੀ 10 ਮਿਲੀਅਨ ਤੋਂ ਵੀ ਵੱਧ ਆਬਾਦੀ ਬਰਫਬਾਰੀ ਵਿਚ ਠਰ ਰਹੀ ਹੈ। ਟੈਕਸਾਸ ਵਿਚ ਆਏ ਬਰਫੀਲੇ ਤੂਫਾਨਾਂ ਨੇ ਬਿਜਲੀ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਰਾਜ ਪਾਵਰ ਗਰਿੱਡ 'ਚ ਲਗਾਤਾਰ ਖਰਾਬੀ ਆ ਰਹੀ ਹੈ। ਇੱਥੇ ਗੈਸ ਅਤੇ ਤੇਲ ਪਾਈਪ ਲਾਈਨਾਂ ਜੰਮ ਗਈਆਂ ਹਨ। ਬਿਜਲੀ ਸਪਲਾਈ ਦੀ ਘਾਟ ਕਾਰਨ 8 ਹਜ਼ਾਰ ਤੋਂ ਵੱਧ ਕੋਰੋਨਾ ਵੈਕਸੀਨ ਟੀਕੇ ਦੀਆਂ ਖੁਰਾਕਾਂ ਖਰਾਬ ਹੋ ਗਈਆਂ। ਲਿੰਕਨ ਅਤੇ ਨੇਬਰਾਸਕਾ ਵਿਚ ਤਾਪਮਾਨ ਮਨਫ਼ੀ 31 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ।
ਟੈਕਸਸ ਦੇ ਨਾਲ ਨਾਲ ਮੈਕਸੀਕੋ ਵਿਚ ਵੀ ਸਥਿਤੀ ਚੰਗੀ ਨਹੀਂ ਹੈ। ਇੱਥੇ ਉੱਤਰੀ ਮੈਕਸੀਕੋ ਵਿੱਚ, ਇਕ ਦਿਨ 'ਚ ਫੈਕਟਰੀਆਂ ਵਿੱਚ ਅਚਾਨਕ ਬਲੈਕਆਊਟ ਨਾਲ 2.7 ਅਰਬ ਡਾਲਰ (19 ਹਜ਼ਾਰ ਕਰੋੜ ਤੋਂ ਵੱਧ) ਦਾ ਨੁਕਸਾਨ ਹੋਇਆ। ਤੂਫਾਨ ਨੇ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਅਤੇ 2600 ਉਦਯੋਗ ਪ੍ਰਭਾਵਿਤ ਹਨ।