ਜਕਾਰਤਾ (ਦੇਵ ਇੰਦਰਜੀਤ)- ਇਕ ਇੰਡੋਨੇਸ਼ੀਆਈ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਹਵਾ ਰਾਹੀਂ ਗਰਭਵਤੀ ਹੋ ਗਈ ਹੈ। ਔਰਤ ਨੇ ਡਾਕਟਰ ਦੀ ਜਾਂਚ ਕਰਵਾਉਣ ਤੋਂ ਤੁਰੰਤ ਬਾਅਦ ਇਕ ਲੜਕੀ ਨੂੰ ਜਨਮ ਵੀ ਦਿੱਤਾ। ਔਰਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਾਰੀ ਘਟਨਾ ਇਕ ਘੰਟੇ ਦੇ ਅੰਦਰ-ਅੰਦਰ ਵਾਪਰੀ। ਉਸ ਸਮੇਂ ਤੋਂ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਔਰਤ ਪਹਿਲਾਂ ਹੀ ਇਕ ਬੱਚੇ ਦੀ ਮਾਂ ਹੈ ਅਤੇ ਤਲਾਕ ਤੋਂ ਬਾਅਦ ਵੱਖਰੀ ਰਹਿੰਦੀ ਹੈ।
ਇੰਡੋਨੇਸ਼ੀਆਈ ਮੀਡੀਆ ਦੇ ਅਨੁਸਾਰ ਔਰਤ ਦੀ ਪਛਾਣ ਸੀਤੀ ਜਿਨਾਹ ਵਜੋਂ ਹੋਈ ਹੈ। ਔਰਤ ਨੇ ਦਾਅਵਾ ਕੀਤਾ ਕਿ ਬੁੱਧਵਾਰ ਦੁਪਹਿਰ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਫਰਸ਼ ਤੇ ਲੇਟੀ ਹੋਈ ਸੀ ਉਸ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਹਵਾ ਉਸਦੇਸਰੀਰ ਵਿੱਚ ਦਾਖਲ ਹੋਈ। ਔਰਤ ਨੇ ਦਾਅਵਾ ਕੀਤਾ ਕਿ ਘਟਨਾ ਤੋਂ 15 ਮਿੰਟ ਬਾਅਦ ਹੀ ਉਸ ਦੇ ਪੇਟ ਵਿਚ ਦਰਦ ਹੋਣ ਲੱਗਾ। ਜਿਸਦੇ ਬਾਅਦ ਪੇਟ ਵਿੱਚ ਇੱਕ ਵੱਡਾ ਗੰਢ ਉਭਰ ਆਈ।
ਜਦੋਂ ਔਰਤ ਨੂੰ ਇਲਾਜ ਲਈ ਨੇੜਲੇ ਕਮਿਊਨਿਟੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਸਨੇ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ, ਔਰਤ ਨੇ ਦਾਅਵਾ ਕੀਤਾ ਕਿ ਬੱਚਾ ਕੋਈ ਸਰੀਰਕ ਸਬੰਧ ਬਣਾਏ ਬਿਨਾਂ ਸਿਰਫ ਹਵਾ ਦੇ ਜਰੀਏ ਪੈਦਾ ਹੋਇਆ ਸੀ। ਜਿਸ ਤੋਂ ਬਾਅਦ ਇਹ ਖ਼ਬਰ ਮਲੇਸ਼ੀਆ ਦੇ ਮੀਡੀਆ ਵਿਚ ਫੈਲ ਗਈ। ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ, ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਔਰਤ ਤੋਂ ਜਾਣਕਾਰੀ ਲਈ।
ਕਮਿਊਨਿਟੀ ਕਲੀਨਿਕ ਦੇ ਮੁਖੀ ਇਮਾਨ ਸੁਲੇਮਾਨ ਨੇ ਕਿਹਾ ਕਿ ਜਾਂਚ ਤੋਂ ਬਾਅਦ ਮਾਂ ਅਤੇ ਬੱਚਾ ਸਿਹਤਮੰਦ ਪਾਇਆ ਗਿਆ। ਬੱਚੇ ਦਾ ਭਾਰ 2.9 ਕਿਲੋਗ੍ਰਾਮ ਹੈ। ਸੁਲੇਮਾਨ ਦਾ ਮੰਨਣਾ ਹੈ ਕਿ ਇਹ ਘਟਨਾ ਸੰਭਾਵਤ ਰੂਪ ਤੋਂ ਲੰਬੇ ਸਮੇਂ ਤੋਂ ਗਰਭ ਅਵਸਥਾ ਦਾ ਕੇਸ ਹੈ। ਇਸ ਵਿੱਚ, ਮਾਂ ਆਪਣੀ ਗਰਭ ਅਵਸਥਾ ਬਾਰੇ ਅਸਲ ਵਿੱਚ ਨਹੀਂ ਜਾਣਦੀ। ਉਹ ਆਪਣੀ ਗਰਭ ਅਵਸਥਾ ਬਾਰੇ ਉਦੋਂ ਜਾਣਦੀ ਹੈ ਜਦੋਂ ਬੱਚਾ ਜਣੇਪੇ ਦੀ ਸਥਿਤੀ ਵਿਚ ਹੁੰਦਾ ਹੈ।
ਦਰਅਸਲ, ਇੰਡੋਨੇਸ਼ੀਆ ਦੇ ਧਾਰਮਿਕ ਭਾਈਚਾਰਿਆਂ ਵਿਚ ਗੈਰ ਕਾਨੂੰਨੀ ਗਰਭ ਧਾਰਨਾ ਨੂੰ ਅਪਰਾਧ ਮੰਨਿਆ ਜਾਂਦਾ ਹੈ। ਹਾਲਾਂਕਿ, ਪੁਲਿਸ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।