ਸਿਡਨੀ (ਦੇਵ ਇੰਦਰਜੀਤ)- ਇੱਥੇ ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ/ਮਾਰਚ ਨੂੰ ਪੁਲੀਸ ਨੇ ਅੱਜ ਰੋਕ ਲਿਆ, ਜਿਸ ਕਰਕੇ ਦੋ ਫਿਰਕਿਆਂ ਦਰਮਿਆਨ ਸੰਭਾਵੀ ਟਕਰਾਅ ਟਲ ਗਿਆ। ਉਂਜ ਗੁਰਦੁਆਰੇ ਵੱਲ ਮਾਰਚ ਦੀ ਕਨਸੋਅ ਨੂੰ ਲੈ ਕੇ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਜੁੜ ਗਏ ਸਨ। ਐਤਵਾਰ ਦੀ ਛੁੱਟੀ ਕਰਕੇ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰੇ ’ਚ ਮੌਜੂਦ ਸਨ।
ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਕੁਝ ਵਿਅਕਤੀਆਂ ਨੇ ਹੈਰਿਸ ਪਾਰਕ ਵਿੱਚ ਅੱਜ ਬਾਅਦ ਦੁਪਹਿਰ ਤਿਰੰਗਾ ਰੈਲੀ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਅਤੇ ਕਾਰਾਂ ਉੱਤੇ ਕੌਮੀ ਝੰਡੇ ਸਨ। ਪੁਲੀਸ ਨੇ ਕਾਰਾਂ ਦੇ ਇਸ ਕਾਫ਼ਲੇ ਨੂੰ ਬੜੀ ਮੁਸਤੈਦੀ ਨਾਲ ਸਨੀ ਹਲ਼ਟ ਰੋਡ, ਜਿਸ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਉੱਤੇ ਘੇਰ ਕੇ ਅੱਗੇ ਵਧਣ ਤੋਂ ਰੋਕ ਲਿਆ।
ਉਧਰ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਗੁਰਦੁਆਰੇ ਦਾ ਨਾਮ ਤੇ ਅਕਸ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਾਨਕ ਐੱਮਪੀ ਨੂੰ ਮਿਲ ਕੇ ਸਦਭਾਵਨਾ ਤੇ ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ।