ਨਵੀਂ ਦਿੱਲੀ (ਦੇਵ ਇੰਦਰਜੀਤ)- ਦਿੱਲੀ ਪੁਲੀਸ ਵੱਲੋਂ ਲੱਖਾ ਸਿਧਾਣਾ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਦਿੱਲੀ ਪੁਲੀਸ ਨੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਦੀਪ ਸਿੱਧੂ ਨਾਲ ਹੀ ਲੱਖਾ ਸਿਧਾਣਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਵਾਂਗ ਹੀ ਉਸ ’ਤੇ ਵੀ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਹੇਠ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਤੇ ਵਿਸ਼ੇਸ਼ ਸੈੱਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਪਰਾਧ ਸ਼ਾਖਾ ਤੇ ਸੈੱਲ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਉਸ ਦੀਆਂ ਲੁਕਣ ਦੀਆਂ ਸੰਭਾਵੀ ਥਾਵਾਂ ’ਤੇ ਸੂਹੀਆ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਬਾਵਜੂਦ ਲੱਖਾ ਸਿਧਾਣਾ ਤੱਕ ਪੁਲੀਸ ਨਹੀਂ ਪਹੁੰਚ ਸਕੀ ਹੈ ਜਿਸ ਕਰਕੇ ਅੱਜ ਪੁਲੀਸ ਨੇ ਲੱਖੇ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਲੱਖਾ ਸਿਧਾਣਾ 25 ਜਨਵਰੀ ਨੂੰ ਸਿੰਘੂ ਬਾਰਡਰ ਦੇ ਮੋਰਚੇ ਦੀ ਸਟੇਜ ’ਤੇ ਰਾਤ ਸਮੇਂ ਦੇਖਿਆ ਗਿਆ ਸੀ ਤੇ ਉਹ ਨੌਜਵਾਨਾਂ ਨੂੰ 26 ਜਨਵਰੀ ਨੂੰ ਪਹਿਲਾਂ ਤੁਰਨ ਵਾਲਿਆਂ ਨਾਲ ਜਾਣ ਦਾ ਆਖ ਰਿਹਾ ਸੀ। ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।