ਦਿੱਲੀ,(ਦੇਵ ਇੰਦਰਜੀਤ) :26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਪੁੱਜ ਗਏ ਅਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ, ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ। ਦੀਪ ਸਿੱਧੂ ਨੇ ਪਹਿਲਾਂ ਹੀ ਸਾਜਿਸ਼ ਰਚੀ ਸੀ ਕਿ ਲਾਲ ਕਿਲ੍ਹਾ ਅਤੇ ਜੇਕਰ ਸੰਭਵ ਹੋ ਸਕੇ ਤਾਂ ਇੰਡੀਆ ਗੇਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਦੀਪ ਸਿੱਧੂ ਨੂੰ ਦਿੱਲੀ ਪੁਲਸ ਲਾਲ ਕਿਲ੍ਹਾ ਲੈ ਕੇ ਪਹੁੰਚੀ ਹੈ, ਜਿੱਥੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਨਾਲ ਇਕਬਾਲ ਸਿੰਘ ਵੀ ਮੌਜੂਦ ਹੈ। ਦੋਹਾਂ ਨੂੰ ਦਿੱਲੀ ਪੁਲਸ ¬ਕ੍ਰਾਈਮ ਬਰਾਂਚ ਦੀ ਟੀਮ ਚਾਣਕਿਆਪੁਰੀ ਤੋਂ ਲਾਲ ਕਿਲ੍ਹਾ ਲੈ ਕੇ ਪਹੁੰਚੀ ਹੈ, ਜਿੱਥੇ ਗਣਤੰਤਰ ਦਿਵਸ ਵਾਲੇ ਦਿਨ ਹੋਈ ਘਟਨਾ ਦੇ ਦ੍ਰਿਸ਼ ਨੂੰ ਦੁਹਰਾਇਆ ਜਾਵੇਗਾ।
ਕ੍ਰਾਈਮ ਬਰਾਂਚ ਦੀ ਟੀਮ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਉਸ ਰੂਟ ਤੋਂ ਗਈ, ਜਿੱਥੋਂ ਉਹ ਲਾਲ ਕਿਲ੍ਹਾ ਕੰਪਲੈਕਸ 'ਚ ਭੀੜ ਨਾਲ ਪੁੱਜੇ ਸਨ। ਦੀਪ ਸਿੱਧੂ ਅਤੇ ਇਕਬਾਲ ਸਿੰਘ ਤੋਂ ਪੁਲਸ ਨੇ ਪੂਰਾ ਰੂਟ ਸਮਝਿਆ ਹੈ। ਇਕ ਤਰ੍ਹਾਂ ਨਾਲ ਦੋਹਾਂ ਨੂੰ ਲੈ ਕੇ 26 ਜਨਵਰੀ ਹਿੰਸਾ ਦਾ ਕ੍ਰਾਈਮ ਸੀਨ (ਦਿ੍ਰਸ਼) ਨੂੰ ਦੁਹਰਾਇਆ ਗਿਆ। ਇਸ ਤੋਂ ਬਾਅਦ ਟੀਮ ਦੋਹਾਂ ਨੂੰ ਲੈ ਕੇ ਲਾਲ ਕਿਲ੍ਹਾ ਪਹੁੰਚ ਗਈ ਹੈ।