ਯੰਗੂਨ (ਦੇਵ ਇੰਦਰਜੀਤ) : ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਵੱਧਦਾ ਹੀ ਜਾ ਰਿਹਾ ਹੈ। ਇਸ ਵਿਚ ਹੁਣ ਨਰਸਾਂ ਅਤੇ ਬੋਧ ਭਿਕਸ਼ੂ ਵੀ ਸੜਕਾਂ 'ਤੇ ਉਤਰ ਆਏ ਹਨ। ਇਸ ਤੋਂ ਘਬਰਾਈ ਨਵੀਂ ਫ਼ੌਜੀ ਸਰਕਾਰ ਨੇ ਇਸ ਅੰਦੋਲਨ ਨੂੰ ਦਰੜਨ ਦੀ ਧਮਕੀ ਦਿੱਤੀ ਹੈ।
ਫ਼ੌਜੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਸੜਕਾਂ ਤੋਂ ਹੱਟ ਜਾਣ ਜਾਂ ਤਾਕਤ ਦੀ ਵਰਤੋਂ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ। ਫ਼ੌਜ ਨੇ ਗੋਲ਼ੀ ਮਾਰਨ ਤਕ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਬਾਵਜੂਦ ਰਾਜਧਾਨੀ ਨੇ ਪਾਈ ਤਾਅ ਅਤੇ ਯੰਗੂਨ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਅਤੇ ਸੱਤਾ ਚੁਣੇ ਹੋਏ ਪ੍ਰਤੀਨਿਧਾਂ ਦੇ ਹੱਥਾਂ ਵਿਚ ਸੌਂਪਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਕਈ ਥਾਵਾਂ 'ਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਕੀਤੀ ਗਈ।
ਮਿਆਂਮਾਰ ਦੀ ਫ਼ੌਜ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ। ਦੇਸ਼ ਦੀ ਸਰਬਉੱਚ ਨੇਤਾ ਆਂਗ ਸਾਨ ਸੂੁ ਕੀ ਅਤੇ ਰਾਸ਼ਟਰਪਤੀ ਵਿਨ ਮਿਯੰਟ ਸਮੇਤ ਕਈ ਚੋਟੀ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਦੇ ਬਾਅਦ ਤੋਂ ਹੀ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ।