ਬਰੈਂਪਟਨ (ਦੇਵ ਇੰਦਰਜੀਤ)- ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 74 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਨੂੰ ਸਹਿ ਕੇ ਵੀ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਰਹੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਪਰ ਹੁਣ ਭਾਰਤ ਦੇ ਨਾਲ-ਨਾਲ ਹੁਣ ਕਿਸਾਨਾਂ ਨੂੰ ਵਿਦੇਸ਼ਾ ਤੋਂ ਵੀ ਸਮਰਥਨ ਮਿਲ ਰਿਹਾ ਹੈ।
ਵਿਦੇਸ਼ਾ ਤੋਂ ਕਲਾਕਾਰ, ਖਿਡਾਰੀ ਅਤੇ ਮੰਤਰੀਆਂ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਅੰਤਰ ਰਾਸ਼ਟਰੀ ਸੁਰਖੀਆਂ ਮਿਲ ਰਹੀਆਂ ਹਨ। ਇਸ ਦੇ ਵਿਚਕਾਰ ਹੁਣ ਬਰੈਂਪਟਨ ਦੇ ਮੇਅਰ ਨੇ ਕਿਸਾਨਾਂ ਦੇ ਅੰਦੋਲਨ ਸਬੰਧੀ ਬਿਆਨ ਦਿੱਤਾ ਹੈ। ਪੈਟਰਿਕ ਬ੍ਰਾਉਨ ਨੇ ਕਿਹਾ ਹੈ ਕਿ, “ਬਹੁਤ ਸਾਰੇ ਬਰੈਂਪਟਨ ਵਾਸੀ ਭਾਰਤ ਵਿੱਚ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਆਉਂਦੇ ਹਨ ਅਤੇ ਉਨ੍ਹਾਂ ਲਈ ਸ਼ਾਂਤੀਪੂਰਨ #FarmersProtests ਪ੍ਰਤੀ ਪ੍ਰਤੀਕਰਮ ਵੇਖਣਾ ਉਨ੍ਹਾਂ ਲਈ ਤਣਾਅਪੂਰਨ ਰਿਹਾ ਹੈ। ਦਿੱਲੀ ਤੋਂ ਆ ਰਹੀਆਂ ਤਾਜ਼ਾ ਤਸਵੀਰਾਂ ਵੀ ਦਿਲ ਤੋੜ ਰਹੀਆਂ ਹਨ। ਮੈਂ ਸ਼ਾਂਤਮਈ ਹੱਲ ਦੀ ਉਮੀਦ ਕਰਦਾ ਹਾਂ ਕਿਉਂਕਿ ਕਿਸਾਨ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਭਾਰਤ ਵਿੱਚ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੇ ਪ੍ਰਤੀਕਰਮ ਦਿੱਤਾ ਸੀ ਅਤੇ ਕਿਹਾ ਸੀ ਕਿ ਕਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ।