ਨਵੀਂ ਦਿੱਲੀ (ਦੇਵ ਇੰਦਰਜੀਤ)- ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਦਿੱਲੀ ਹਿੰਸਾ ਲਈ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਜਦੋਂ ਤੱਕ ਦਿੱਲੀ ਪੁਲੀਸ ਕਿਸਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ‘ਤੰਗ ਪ੍ਰੇਸ਼ਾਨ’ ਕਰਨਾ ਬੰਦ ਨਹੀਂ ਕਰਦੀ, ਉਦੋਂ ਤੱਕ ਸਰਕਾਰ ਨਾਲ ਕੋਈ ਵੀ ‘ਰਸਮੀ’ ਗੱਲਬਾਤ ਨਹੀਂ ਕੀਤੀ ਜਾਵੇਗੀ।
ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਦਿੱਲੀ ਪੁਲੀਸ ਧਰਨੇ ਵਾਲੀਆਂ ਥਾਵਾਂ ਨੇੜੇ ਡੂੰਘੀਆਂ ਖੱਡਾਂ ਪੁੱਟ ਕੇ ਸੜਕਾਂ ’ਤੇ ਮੇਖਾਂ ਗੱਡ ਰਹੀ ਹੈ। ਕਿਤੇ ਕੰਡਿਆਲੀ ਤਾਰ ਦੀ ਵਾੜ ਲਈ ਜਾ ਰਹੀ ਹੈ, ਕਿਤੇ ਅੰਦਰੂਨੀ ਰਾਹ ਤੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਮੋਰਚੇ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਵਰਕਰਾਂ ਰਾਹੀਂ ਕਿਸਾਨ ਵਿਰੋਧੀ ਪ੍ਰਦਰਸ਼ਨ, ਅਸਲ ਵਿੱਚ ਸਰਕਾਰ ਵੱਲੋਂ ਆਪਣੀ ਪੁਲੀਸ ਤੇ ਪ੍ਰਸ਼ਾਸਨ ਜ਼ਰੀਏ ਕਿਸਾਨਾਂ ਖ਼ਿਲਾਫ਼ ਵਿਉਂਤੇ ‘ਹਮਲਿਆਂ’ ਦਾ ਹਿੱਸਾ ਹੈ।
ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰੰਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਲੀਗਲ ਟੀਮ ਨੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਲੋਕਾਂ ਨਾਲ ਪੁਲੀਸ ਨੇ ਕੁੱਟਮਾਰ ਕੀਤੀ ਹੈ, ਇਕ ਮੈਡੀਕਲ ਬੋਰਡ ਬਣਾ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਜੇਲ੍ਹਾਂ ਕੇਜਰੀਵਾਲ ਸਰਕਾਰ ਅਧੀਨ ਆਉਂਦੀਆਂ ਹਨ ਤੇ ਸੂਬਾ ਸਰਕਾਰ ਜੇਲ੍ਹੀਂ ਬੰਦ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਏ। ਜੇਲ੍ਹਾਂ ਵਿੱਚ ਬੰਦ ਬਹੁਤੇ ਲੋਕਾਂ ਉਪਰ ਧਾਰਾ 307 ਲਾਈ ਗਈ ਹੈ।