ਦਿੱਲੀ ਹਿੰਸਾ: ਇਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਜਾਰੀ ਕੀਤੇ ਗਏ ਲੁਕਆਊਟ ਨੋਟਿਸ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਅਤੇ ਟ੍ਰੈਕਟਰ ਪਰੇਡ ਮਾਰਚ ਮੌਕੇ ਨਿਰਧਾਰਿਤ ਰੂਟ ਦੀ ਉਲੰਘਣਾ ਲਈ ਦਿੱਲੀ ਦੇ ਪੁਲੀਸ ਕਮਿਸ਼ਨਰ ਐੱਸ.ਐੱਨ.ਸ੍ਰੀਵਾਸਤਵ ਨੇ ਕਿਹਾ, ‘ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਰਜ ਐੱਫ.ਆਈ.ਆਰ. ਵਿੱਚ ਨਾਮਜ਼ਦ ਕੀਤੇ ਕਿਸਾਨ ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ।’ ਸ੍ਰੀਵਾਸਵਤ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਦਸਿਆ ਕੀ ਇਰਾਦਾ ਕਤਲ, ਦੰਗਾ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਮੇਧਾ ਪਾਟੇਕਰ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ। ਹੋਰਨਾਂ ਆਗੂਆਂ ਵਿੱਚ ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਕੁਲਵੰਤ ਸਿੰਘ ਸੰਧੂ, ਸਤਨਾਮ ਸਿੰਘ ਪੰਨੂ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲੱਖੋਵਾਲ ਦੇ ਨਾਮ ਸ਼ਾਮਲ ਹਨ। ਪੁਲੀਸ ਮੁਖੀ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਜ਼ਾਬਤੇ ਵਿੱਚ ਰਹਿੰਦਿਆਂ ਪੂਰੇ ਹੋਸ਼ੋ-ਹਵਾਸ ਨਾਲ ਕੰਮ ਲੈਂਦਿਆਂ ਹਾਲਾਤ ਨਾਲ ਸਫ਼ਲਤਾਪੂਰਵਕ ਸਿੱਝਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਆਉਂਦੇ ਦਿਨ ਵਧੇਰੇ ਚੁਣੌਤੀਪੂਰਨ ਹੋਣਗੇ ਲਿਹਾਜ਼ਾ ਅਮਲਾ ਪੂਰੀ ਤਰ੍ਹਾਂ ਚੌਕਸ ਰਹੇ।

ਇਸ ਦੌਰਾਨ ਦਿੱਲੀ ਪੁਲੀਸ ਨੇ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੇ ਬਲਬੀਰ ਸਿੰਘ ਰਾਜੇਵਾਲ ਸਮੇਤ 20 ਦੇ ਕਰੀਬ ਕਿਸਾਨ ਆਗੂਆਂ ਨੂੰ ਵੱਖਰੇ ਤੌਰ ’ਤੇ ਨੋਟਿਸ ਜਾਰੀ ਕੀਤੇ ਹਨ। ਕਿਸਾਨ ਆਗੂਆਂ ਨੂੰ ਇਨ੍ਹਾਂ ਕਾਨੂੰਨੀ ਨੋਟਿਸਾਂ ਦਾ ਜਵਾਬ ਦੇਣ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ।