ਇਸਲਾਮਾਬਾਦ (ਦੇਵ ਇੰਦਰਜੀਤ) : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਨੂੰ ਅਗਵਾ ਕਰ ਸਿਰ ਕਲਮ ਕਰਨ ਦੇ ਮਾਮਲੇ ’ਚ ਬਰਤਾਨਵੀ ਮੂਲ ਦੇ ਅਲਕਾਇਦਾ ਦੇ ਅਤਿਵਾਦੀ ਅਹਿਮਦ ਉਮਰ ਸ਼ੇਖ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨਾਂ ਅੱਜ ਖਾਰਜ ਕਰ ਦਿੱਤੀਆਂ ਹਨ। ਅਦਾਲਤ ਨੇ ਇਸ ਮਾਮਲੇ ’ਚ ਸ਼ੇਖ ਨੂੰ ਰਿਹਾਅ ਕਰਨ ਦਾ ਹੁਕਮ ਵੀ ਦਿੱਤਾ ਹੈ।
ਸਾਲ 2002 ’ਚ ਕਰਾਚੀ ’ਚ ‘ਦਿ ਵਾਲ ਸਟਰੀਟ ਜਨਰਲ’ ਦੇ ਦੱਖਣੀ ਏਸ਼ੀਆ ਬਿਊਰੋ ਦੇ ਮੁਖੀ ਪਰਲ (38) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਅਲਕਾਇਦਾ ਵਿਚਾਲੇ ਸਬੰਧਾਂ ’ਤੇ ਇੱਕ ਖ਼ਬਰ ਲਈ ਜਾਣਕਾਰੀ ਇਕੱਠੀ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਸ਼ੇਖ ਤੇ ਉਸ ਦੇ ਤਿੰਨ ਸਹਿਯੋਗੀਆਂ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਸਿੰਧ ਹਾਈ ਕੋਰਟ ਦੇ ਉਸ ਫ਼ੈਸਲੇ ਖ਼ਿਲਾਫ਼ ਸਿੰਧ ਸੂਬੇ ਦੀ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਜਿਸ ’ਚ ਪਰਲ ਦੀ ਹੱਤਿਆ ਲਈ ਸ਼ੇਖ਼ ਦੀ ਸਜ਼ਾ ਖਤਮ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ।
ਉੱਧਰ ਪਾਕਿਸਤਾਨੀ ਸੁਪਰੀਮ ਕੋਰਟ ਦੇ ਫ਼ੈਸਲੇ ਆਲੋਚਨਾ ਕਰਦਿਆਂ ਭਾਰਤ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਦਾਲਤ ਨੂੰ ਅਜਿਹਾ ਜੁਰਮ ਕਰਨ ਵਾਲਾ ਵਿਅਕਤੀ ਅਪਰਾਧੀ ਨਹੀਂ ਲੱਗਿਆ।