ਵਾਸ਼ਿੰਗਟਨ (ਦੇਵ ਇੰਦਰਜੀਤ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਸੈਨੇਟ ’ਚ ਚਲਾਉਣ ਲਈ ਜਦੋਂ ਸਦਨ ਦੇ ਮੈਂਬਰ ਤਿਆਰ ਹੋ ਰਹੇ ਹਨ ਤਾਂ ਵੱਡੀ ਗਿਣਤੀ ਰਿਪਬਲਿਕਨ ਸੈਨੇਟਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਤੋਂ ਜਾਪਦਾ ਹੈ ਕਿ ਅਮਰੀਕੀ ਕੈਪੀਟਲ (ਸੰਸਦ ਭਵਨ) ’ਤੇ ਟਰੰਪ ਹਮਾਇਤੀਆਂ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਸੁਣਾਏ ਜਾਣ ਦੇ ਘੱਟ ਹੀ ਆਸਾਰ ਦਿਖਾਈ ਦੇ ਰਹੇ ਹਨ। ਸੈਨੇਟ ’ਚ ਮਹਾਦੋਸ਼ ਬਾਰੇ ਬਹਿਸ ਦੀ ਕਾਰਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ।
ਡੈਮੋਕਰੈਟ ਮੈਂਬਰਾਂ ਦਾ ਮੰਨਣਾ ਹੈ ਕਿ ਟਰੰਪ ਨੂੰ ਸਜ਼ਾ ਦੇ ਨਾਲ ਨਾਲ ਰਾਸ਼ਟਰਪਤੀ ਅਹੁਦਾ ਮੁੜ ਸੰਭਾਲਣ ’ਤੇ ਰੋਕ ਸਬੰਧੀ ਵੱਖਰੀ ਵੋਟਿੰਗ ਹੋਣੀ ਚਾਹੀਦੀ ਹੈ। ਹੁਣ ਜਦੋਂ ਟਰੰਪ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ ਤਾਂ ਉਸ ਵੱਲੋਂ ਦਿੱਤੇ ਗਏ ਭੜਕਾਊ ਬਿਆਨ ਨੂੰ ਰਿਪਬਲਿਕਨ ਸੈਨੇਟਰ ਅਣਗੌਲਿਆ ਕਰਨ ਦੇ ਰੌਂਅ ’ਚ ਹਨ। ਉਹ ਟਰੰਪ ਦੇ ਬਚਾਅ ’ਤੇ ਆ ਗਏ ਹਨ ਜਿਵੇਂ ਪਹਿਲੀ ਵਾਰ ਮਹਾਦੋਸ਼ ਲੱਗਣ ’ਤੇ ਰਿਪਬਲਿਕਨ ਸੈਨੇਟਰਾਂ ਨੇ ਕੀਤਾ ਸੀ। ਸੈਨੇਟਰ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਇਸ ਮਹਾਦੋਸ਼ ਦੀ ਕਾਰਵਾਈ ਨੂੰ ਖ਼ਤਮ ਕਰਨ ਲਈ ਵੋਟ ਪਾਉਣਗੇ।