ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸੰਭਾਲਦਿਆਂ ਹੀ 15 ਆਦੇਸ਼ਾਂ ’ਤੇ ਦਸਤਖਤ ਕੀਤੇ, ਜਿਨ੍ਹਾਂ ਵਿਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮਹੱਤਵਪੂਰਣ ਵਿਦੇਸ਼ੀ ਨੀਤੀਆਂ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕੁਝ ਫੈਸਲਿਆਂ ਨੂੰ ਪਲਟ ਦੇਣਗੇ।
ਇਨ੍ਹਾਂ ਕਾਰਜਕਾਰੀ ਆਦੇਸ਼ਾਂ ਵਿੱਚ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਵਿੱਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਬਾਹਰ ਹੋਣ ਤੋਂ ਰੋਕਣ, ਮੁਸਲਿਮ ਦੇਸ਼ਾਂ ’ਤੇ ਯਾਤਰਾ ਉਪਰ ਪਾਬੰਦੀਆਂ ਹਟਾਉਣ , ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਦੇਸ਼ ਵਿਚ ਲਾਜ਼ਮੀ ਕਰਨਾ ਅਤੇ ਮੈਕਸੀਕੋ ਸਰਹੱਦ ’ਤੇ ਕੰਧ ਉਸਾਰੀ ਨੂੰ ਤੁਰੰਤ ਬੰਦ ਕਰਨਾ ਸ਼ਾਮਲ ਹਨ। ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕਰਨ ਤੋਂ ਬਾਅਦ ਬਾਇਡਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਖੇ ਪੱਤਰਕਾਰਾਂ ਨੂੰ ਕਿਹਾ, "ਮੈਨੂੰ ਅੱਜ ਦੇ ਕਾਰਜਕਾਰੀ ਕਦਮਾਂ' ਤੇ ਮਾਣ ਹੈ ਅਤੇ ਮੈਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਾਂਗਾ। ਹਾਲੇ ਸਫ਼ਰ ਲੰਮਾ ਹੈ।' 'ਬਾਇਡਨ ਦਾ ਪਹਿਲਾ ਕਾਰਜਕਾਰੀ ਆਦੇਸ਼ 100 ਦਿਨਾਂ ਲਈ ਮਾਸਕ ਲਾਉਣ ਦੀ ਅਪੀਲ ਵਾਲਾ ਸੀ।