ਨਵੀਂ ਦਿੱਲੀ (ਦੇਵ ਇੰਦਰਜੀਤ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਬਣੇ ਫੁੱਟ ਦੇ ਆਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਨਾਲ ਖ਼ਤਮ ਹੋ ਗਏ।
ਚੜੂਨੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਆਪਣੀ ਨਿੱਜੀ ਸਮਰੱਥਾ ਤਹਿਤ ਸਿਆਸੀ ਮੀਟਿੰਗ ਸੱਦੀ ਸੀ ਅਤੇ ਇਸ ਮੁਲਾਕਾਤ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਅੰਦੋਲਨ ਦੌਰਾਨ ਭਵਿੱਖ ’ਚ ਕਿਸੇ ਵੀ ਸਿਆਸੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਉਹ ਸੰਯੁਕਤ ਕਿਸਾਨ ਮੋਰਚੇ ਨਾਲ ਸਨ ਤੇ ਹਮੇਸ਼ਾ ਰਹਿਣਗੇ। ਕਮੇਟੀ ਨੇ ਸਪੱਸ਼ਟੀਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਚੜੂਨੀ ਦੇ ਬਿਆਨ ਨਾਲ ਹੁਣ ਵਿਵਾਦ ਖ਼ਤਮ ਹੋ ਗਿਆ ਹੈ।
ਇਸ ਤੋਂ ਪਹਿਲਾਂ ਚੜੂਨੀ ਦੇ ਸਿਆਸੀ ਪਾਰਟੀਆਂ ਦੇ ਕਥਿਤ ਸੰਪਰਕ ਵਿੱਚ ਹੋਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਸੀ ਜਿਸ ਨੇ ਤਿੰਨ ਦਿਨਾਂ ’ਚ ਰਿਪੋਰਟ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਵਿਵਾਦ ਖ਼ਤਮ ਹੋ ਗਿਆ ਹੈ।