ਵਾਸ਼ਿੰਗਟਨ (ਦੇਵ ਇੰਦਰਜੀਤ) - ਭਾਰਤੀ ਅਮਰੀਕੀ ਡਾ. ਰਾਜ ਅੱਈਅਰ ਨੇ ਅਮਰੀਕੀ ਫੌਜ ’ਚ ਪਲੇਠੇ ਮੁੱਖ ਸੂਚਨਾ ਅਧਿਕਾਰੀ (ਸੀਆਈਓ) ਦਾ ਅਹੁਦਾ ਸੰਭਾਲ ਲਿਆ ਹੈ। ਪੈਂਟਾਗਨ ਨੇ ਇਹ ਅਹੁਦਾ ਪਿਛਲੇ ਸਾਲ ਜੁਲਾਈ ਵਿੱਚ ਕਾਇਮ ਕੀਤਾ ਸੀ। ਇਲੈਕਟ੍ਰੀਕਲ ਇੰਜਨੀਅਰਿੰਗ ’ਚ ਪੀਐੱਚ.ਡੀ. ਅੱਈਅਰ ਇਸ ਤੋਂ ਪਹਿਲਾਂ ਅਮਰੀਕਾ ਦੇ ਥਲ ਸੈਨਾ ਮੁਖੀ ਦੇ ਪ੍ਰਮੁੱਖ ਸਲਾਹਕਾਰ ਵੀ ਰਹੇ ਹਨ।
ਅੱਈਅਰ ਦਾ ਰੁਤਬਾ ਥ੍ਰੀ-ਸਟਾਰ ਜਨਰਲ ਦੇ ਬਰਾਬਰ ਹੋਵੇਗਾ ਤੇ ਉਹ ਅਮਰੀਕੀ ਫੌਜ ਦੇ ਆਈਟੀ ਅਪਰੇਸ਼ਨਾਂ ਲਈ ਰੱਖੇ 16 ਅਰਬ ਅਮਰੀਕੀ ਡਾਲਰ ਦੇ ਸਲਾਨਾ ਬਜਟ ਦੀ ਨਿਗਰਾਨੀ ਕਰਨਗੇ। ਸੌ ਤੋਂ ਵੱਧ ਮੁਲਕਾਂ ਵਿੱਚ ਤਾਇਨਾਤ 15 ਹਜ਼ਾਰ ਤੋਂ ਵੱਧ ਸਿਵਲੀਅਨ ਤੇ ਫੌਜੀ ਅਮਲਾਂ ਉਨ੍ਹਾਂ ਦੇ ਅਧੀਨ ਕੰਮ ਕਰੇਗਾ। ਅਮਰੀਕੀ ਫੌਜ ਦੇ ਨਵੀਨੀਕਰਨ ਨਾਲ ਜੁੜੇ ਸਾਰੇ ਪ੍ਰੋਗਰਾਮ ਤੇ ਨੀਤੀਆਂ ਨੂੰ ਸਿੱਧੇ ਤੌਰ ’ਤੇ ਅੱਈਅਰ ਵੱਲੋਂ ਹੀ ਅੰਜਾਮ ਦਿੱਤਾ ਜਾਵੇਗਾ। ਅੱਈਅਰ ਪਿੱਛੋਂ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਨਾਲ ਸਬੰਧਤ ਹੈ।
ਉਹ ਬੰਗਲੌਰ ’ਚ ਵੱਡਾ ਹੋਇਆ ਤੇ ਉਨ੍ਹਾਂ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤ੍ਰਿਚੀ ਤੋਂ ਪੂਰੀ ਕੀਤੀ ਤੇ ਮਗਰੋਂ ਉਚੇਰੀ ਸਿੱਖਿਆ ਲਈ ਅਮਰੀਕਾ ਆ ਗਏ।