ਨਵੀਂ ਦਿੱਲੀ (ਦੇਵ ਇੰਦਰਜੀਤ)- ਸਾਈਬਰ ਸੁਰੱਖਿਆ ਮਾਮਲਿਆਂ ਦੇ ਇਕ ਸੁਤੰਤਰ ਖੋਜਕਰਤਾ ਰਾਜਸ਼ੇਖਰ ਰਾਜਹਰੀਆ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਦੇਸ਼ ਦੇ ਕਰੀਬ 10 ਕਰੋੜ ਕ੍ਰੈਡਿਟ ਤੇ ਡੈਬਿਟ ਕਾਰਡ ਧਾਰਕਾਂ ਦੇ ਡਾਟਾ ਡਾਰਕ ਵੈੱਬ ’ਤੇ ਵੇਚੇ ਜਾ ਰਹੇ ਹਨ। ਉਨ੍ਹਾਂ ਅਨੁਸਾਰ, ਡਾਰਕ ਵੈੱਬ ’ਤੇ ਵੱਡੇ ਪੈਮਾਨੇ ’ਤੇ ਆਏ ਡਾਟਾ ਬੈਂਗਲੁਰੂ ਸਥਿਤ ਡਿਜੀਟਲ ਪੇਮੈਂਟਸ ਗੇਟਵੇ ਜਸਪੇ ਦੇ ਸਰਵਰ ਤੋਂ ਲੀਕ ਹੋਏ ਹਨ।
ਹਾਲਾਂਕਿ ਜਸਪੇ ਨੇ ਕਿਹਾ ਕਿ ਸਾਈਬਰ ਹਮਲੇ ਦੌਰਾਨ ਕਿਸੇ ਵੀ ਕਾਰਡ ਦੇ ਨੰਬਰ ਜਾਂ ਵਿੱਤੀ ਸੂਚਨਾ ਨਾਲ ਕੋਈ ਸਮਝੌਤਾ ਨਹੀਂ ਹੋਇਆ ਤੇ ਦਸ ਕਰੋੜ ਦੀ ਜੋ ਗਿਣਤੀ ਦੱਸੀ ਜਾ ਰਹੀ ਹੈ, ਅਸਲੀ ਗਿਣਤੀ ਉਸ ਤੋਂ ਕਾਫੀ ਘੱਟ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ 18 ਅਗਸਤ, 2020 ਨੂੰ ਸਾਡੇ ਸਰਵਰ ਤਕ ਅਣਅਧਿਕਾਰਤ ਤੌਰ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੇ ਜਾਣ ਦਾ ਪਤਾ ਲੱਗਾ ਸੀ, ਜਿਸ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ। ਇਸ ਨਾਲ ਕਿਸੇ ਕਾਰਡ ਦਾ ਨੰਬਰ, ਵਿੱਤੀ ਸਾਖ ਜਾਂ ਲੈਣ-ਦੇਣ ਦਾ ਡਾਟਾ ਲੀਕ ਨਹੀਂ ਹੋਇਆ। ਕੁਝ ਗੈਰ-ਗੁਪਤ ਡਾਟਾ, ਪਲੇਨ ਟੈਕਸਟ ਈਮੇਲ ਤੇ ਫੋਨ ਨੰਬਰ ਲੀਕ ਹੋਏ, ਪਰ ਉਨ੍ਹਾਂ ਦੀ ਗਿਣਤੀ 10 ਕਰੋੜ ਤੋਂ ਕਾਫੀ ਘੱਟ ਹੈ।
ਪਰ ਰਾਜਹਰੀਆ ਦਾ ਦਾਅਵਾ ਹੈ ਕਿ ਡਾਟਾ ਡਾਰਕ ਵੈੱਬ ’ਤੇ ਕ੍ਰਿਪਟੋ ਕਰੈਂਸੀ ਬਿਟਕਾਇਨ ਜ਼ਰੀਏ ਅਣਐਲਾਨੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਇਸ ਡਾਟਾ ਲਈ ਹੈਕਰ ਵੀ ਟੈਲੀਗ੍ਰਾਮ ਜ਼ਰੀਏ ਸੰਪਰਕ ਕਰ ਰਹੇ ਹਨ। ਉਨ੍ਹਾਂ ਅਨੁਸਾਰ, ਜਸਪੇ ਯੂਜ਼ਰਾਂ ਦੇ ਡਾਟਾ ਸਟੋਰ ਕਰਨ ਵਿਚ ਪੀਸੀਆਈਡੀਐੱਸਐੱਸ (ਪੇਮੈਂਟ ਕਾਰਡ ਇੰਡਸਟਰੀ ਡਾਟਾ ਸਕਿਊਰਿਟੀ ਸਟੈਂਡਰਡ) ਦਾ ਪਾਲਣ ਕਰਦੀ ਹੈ। ਹਾਲਾਂਕਿ ਜੇਕਰ ਹੈਕਰ ਕਾਰਡ ਫਿੰਗਰਪ੍ਰਿੰਟ ਬਣਾਉਣ ਲਈ ਹੈਸ਼ ਅਲਗੋਰੀਥਮ ਦੀ ਵਰਤੋਂ ਕਰ ਸਕਦੇ ਹਨ ਤਾਂ ਉਹ ਮਾਸਕਸਡ ਕਾਰਡ ਨੰਬਰ ਨੂੰ ਵੀ ਡਿਕ੍ਰਿਪਟ ਕਰ ਸਕਦੇ ਹਨ। ਇਸ ਸਥਿਤੀ ਵਿਚ ਸਾਰੇ 10 ਕਰੋੜ ਕਾਰਡਧਾਰਕਾਂ ਨੂੰ ਜ਼ੋਖਮ ਹੈ।