ਲਾਸ ਏਂਜਲਸ (ਦੇਵ ਇੰਦਰਜੀਤ)- ਜੇਮਸ ਬਾਂਡ ਫ਼ਿਲਮ ’ਚ ਕੰਮ ਕਰਨ ਵਾਲੀ ਅਦਾਕਾਰਾ ਤਾਨਯਾ ਰਾਬਰਟਸ ਦਾ ਦੇਹਾਂਤ ਹੋ ਗਿਆ। ਉਸ ਨੂੰ ‘ਏ ਵਿਊ ਟੂ ਏ ਕਿਲ’ ਅਤੇ ‘ਡੇਟ 70ਟੀਜ਼ ਸ਼ੋਅ’ ਵਿੱਚ ਸ਼ਾਨਦਾਰ ਅਦਾਕਾਰੀ ਬਦਲੇ ਜਾਣਿਆ ਜਾਂਦਾ ਹੈ। ਤਾਨਯਾ 65 ਵਰ੍ਹਿਆਂ ਦੀ ਸੀ।
ਰਾਬਰਟਸ ਦੇ ਪ੍ਰਤੀਨਿਧੀ ਨੇ ਆਨਲਾਈਨ ਅਖ਼ਬਾਰ ‘ਟੀਐੱਮਜ਼ੈੱਡ’ ਨੂੰ ਦੱਸਿਆ ਕਿ ਅਦਾਕਾਰਾ ਕ੍ਰਿਸਮਸ ਦੀ ਪੂਰਵ ਸੰਧਿਆ ’ਤੇ ਆਪਣੇ ਕੁੱਤੇ ਨੂੰ ਲੈ ਕੇ ਟਹਿਲਣ ਗਈ ਅਤੇ ਘਰ ਵਾਪਸ ਆਉਣ ’ਤੇ ਬੇਹੋਸ਼ ਹੋ ਕੇ ਡਿੱਗ ਪਈ ਸੀ। ਆਨਲਾਈਨ ਅਖ਼ਬਾਰ ਮੁਤਾਬਕ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਮਗਰੋਂ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਪਰ ਠੀਕ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਹ ਬਿਮਾਰ ਨਹੀਂ ਸੀ। ਰਾਬਰਟਸ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ ਅਤੇ ਉਹ ਟੈਲੀਵਿਜ਼ਨ ’ਤੇ ਮਸ਼ਹੂਰੀਆਂ ਵੀ ਕਰਦੀ ਸੀ।
ਇਸ ਮਗਰੋਂ ਫ਼ਿਲਮ ‘ਫੋਰਸ ਐਂਟਰੀ’ ਰਾਹੀਂ ਉਸ ਨੇ ਅਦਾਕਾਰੀ ਦੀ ਦੁਨੀਆਂ ’ਚ ਪੈਰ ਧਰਿਆ। ਉਸ ਨੇ 1985 ਵਿੱਚ ਜੇਮਸ ਬਾਂਡ ਫ਼ਿਲਮ ‘ਏ ਵਿਊ ਟੂ ਏ ਕਿਲ’ ਵਿੱਚ ਕੰਮ ਕੀਤਾ।