ਨਵੀਂ ਦਿੱਲੀ (ਦੇਵ ਇੰਦਰਜੀਤ) ਚੀਨ ਨੇ ਨਵੀਂ ਦਿੱਲੀ ਸਥਿਤ ਆਪਣੇ ਦੂਤਾਵਾਸ ਵਿਚ ਕੰਮ ਕਰਦੇ ਕਈ ਭਾਰਤੀਆਂ ਨੂੰ ਨੌਕਰੀ ਛੱਡਣ ਲਈ ਕਹਿ ਦਿੱਤਾ ਹੈ।
ਮੀਡੀਆ ਨੂੰ ਜਾਰੀ ਬਿਆਨ ਵਿਚ ਦੂਤਾਵਾਸ ਦੇ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ‘ਆਮ ਵਾਂਗ ਦੱਸਿਆ ਹੈ’। ਉਨ੍ਹਾਂ ਕਿਹਾ ਹੈ ਕਿ ਦੂਤਾਵਾਸ ਕੰਮ ਦੇ ਅਧਾਰ ’ਤੇ ਲੋੜ ਅਨੁਸਾਰ ਕਰਮਚਾਰੀਆਂ ਦੀ ਛਾਂਟੀ ਕਰਦਾ ਰਹਿੰਦਾ ਹੈ।’ ਚੀਨੀ ਅਧਿਕਾਰੀ ਨੇ ਕਿਹਾ ਕਿ ਦੂਤਾਵਾਸ ਦੇ ਭਾਰਤੀ ਕਰਮਚਾਰੀਆਂ ਨਾਲ ਚੰਗੇ ਰਿਸ਼ਤੇ ਰਹੇ ਹਨ ਤੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਹ ਭਾਰਤੀ ਮੁਲਾਜ਼ਮਾਂ ਦੇ ਕੀਮਤੀ ਯਤਨਾਂ ਤੇ ਦੂਤਾਵਾਸ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੁਝ ਨਵਾਂ ਨਹੀਂ ਹੈ।
ਕੱਢੇ ਗਏ ਭਾਰਤੀਆਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਸ਼ਾਸਕੀ ਵਿਭਾਗ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਤਣਾਅ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਚੀਨੀ ਨਿਵੇਸ਼ ਉਤੇ ਕਈ ਪਾਬੰਦੀਆਂ ਲਾਈਆਂ ਹਨ।