ਪਿਸ਼ਾਵਰ (ਦੇਵ ਇੰਦਰਜੀਤ) :ਦਿੱਗਜ ਬਾਲੀਵੁੱਡ ਕਲਾਕਾਰ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਖ਼ਰੀਦੇਗੀ ਖ਼ੈਬਰ ਪਖਤੂਨਖਵਾ ਸਰਕਾਰ। ਜਿਸ ਦੀ ਰਕਮ 2.35 ਕਰੋੜ ਰੁਪਏ ਤੈ ਹੋਇ ਹੈ। ਪਿਸ਼ਾਵਰ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿਚ ਸਥਿਤ ਦੋਵਾਂ ਕਲਾਕਾਰਾਂ ਦੇ ਪੁਸ਼ਤੈਨੀ ਘਰਾਂ ਨੂੰ ਰਾਸ਼ਟਰੀ ਵਿਰਾਸਤ ਐਲਾਨ ਕੀਤਾ ਜਾ ਚੁੱਕਾ ਹੈ।
ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਘਰਾਂ ਨੂੰ ਖ਼ਰੀਦਣ ਦੇ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪਿੱਛੋਂ ਹੁਣ ਸਬੰਧਿਤ ਅਥਾਰਟੀ ਦੋਵਾਂ ਕਲਾਕਾਰਾਂ ਦੀਆਂ ਜੱਦੀ ਹਵੇਲੀਆਂ ਨੂੰ ਸੰਚਾਰ ਅਤੇ ਕਾਰਜ ਵਿਭਾਗ (ਸੀ ਐਂਡ ਡਬਲਯੂ) ਵੱਲੋਂ ਪਿਛਲੇ ਹਫ਼ਤੇ ਤੈਅ ਦਰ 'ਤੇ ਖ਼ਰੀਦੇਗਾ।
ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਗਰ ਨੇ ਸੀ ਐਂਡ ਡਬਲਯੂ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ 101 ਵਰਗ ਮੀਟਰ ਵਿਚ ਫੈਲੇ ਦਲੀਪ ਕੁਮਾਰ ਦੇ ਘਰ ਦੀ ਕੀਮਤ 80.56 ਲੱਖ ਰੁਪਏ ਅਤੇ 151.75 ਵਰਗ ਮੀਟਰ ਵਿਚ ਬਣੇ ਰਾਜ ਕਪੂਰ ਦੇ ਘਰ ਦੀ ਕੀਮਤ 1.50 ਕਰੋੜ ਰੁਪਏ ਤੈਅ ਕੀਤੀ ਸੀ। ਖ਼ਰੀਦ ਪਿੱਛੋਂ ਦੋਵਾਂ ਘਰਾਂ ਨੂੰ ਖ਼ੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਵੱਲੋਂ ਅਜਾਇਬਘਰ ਵਿਚ ਬਦਲ ਦਿੱਤਾ ਜਾਵੇਗਾ। ਵਿਭਾਗ ਦੇ ਦੋਵਾਂ ਘਰਾਂ ਨੂੰ ਖ਼ਰੀਦਣ ਲਈ ਸੂਬਾਈ ਸਰਕਾਰ ਤੋਂ ਦੋ ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਸੀ।
ਦਲੀਪ ਕੁਮਾਰ ਅਤੇ ਰਾਜ ਕਪੂਰ ਦੋਵਾਂ ਦਾ ਜਨਮ ਇਨ੍ਹਾਂ ਘਰਾਂ ਵਿਚ ਹੋਇਆ ਸੀ। ਇਨ੍ਹਾਂ ਦਾ ਬਚਪਨ ਵੀ ਉੱਥੇ ਹੀ ਬੀਤਿਆ ਸੀ। ਰਾਜ ਕਪੂਰ ਦਾ ਜੱਦੀ ਘਰ 'ਕਪੂਰ ਹਵੇਲੀ' ਪ੍ਰਸਿੱਧ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਸ ਦਾ ਨਿਰਮਾਣ ਦਿੱਗਜ ਉਨ੍ਹਾਂ ਦੇ ਦਾਦਾ ਦੀਵਾਨ ਬਸ਼ੇਸਵਰਨਾਥ ਕਪੂਰ ਨੇ 1918-22 ਦੌਰਾਨ ਕਰਾਇਆ ਸੀ। ਅਭਿਨੇਤਾ ਦਲੀਪ ਕੁਮਾਰ ਦਾ 100 ਸਾਲ ਪੁਰਾਣਾ ਘਰ ਵੀ ਇਸੇ ਇਲਾਕੇ ਵਿਚ ਹੈ।