ਨਵੀਂ ਦਿੱਲੀ (ਦੇਵ ਇੰਦਰਜੀਤ )- ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਭਾਰਤ ਵਿੱਚ ਸ਼ੈਡਿਊਲ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਦੀ ਆਵਾਜਾਈ 'ਤੇ ਰੋਕ 31 ਜਨਵਰੀ 2021 ਤੱਕ ਵਧਾ ਦਿੱਤੀ ਹੈ। ਪਰ ਇਸ ਦੌਰਾਨ ਵੰਦੇ ਭਾਰਤ ਮਿਸ਼ਨ ਅਧੀਨ ਚੱਲ ਰਹੀਆਂ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ 'ਤੇ 31 ਦਸੰਬਰ ਤੱਕ ਪਾਬੰਦੀ ਲਗਾਈ ਗਈ ਸੀ। ਡੀਜੀਸੀਏ ਦੇ ਆਦੇਸ਼ ਅਨੁਸਾਰ ਸਿਰਫ ਚੁਣੀਆਂ ਉਡਾਣਾਂ ਨੂੰ ਹੀ ਚਲਾਉਣ ਦੀ ਆਗਿਆ ਹੋਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਭਾਰਤ ਨੇ 25 ਮਈ ਨੂੰ ਘਰੇਲੂ ਯਾਤਰੀਆਂ ਦੀਆਂ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਸਨ। ਇਸ ਤੋਂ ਬਾਅਦ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ ਅਤੇ ਕਈ ਦੇਸ਼ਾਂ ਨਾਲ ਹਵਾਈ ਬੱਬਲ ਸਮਝੌਤੇ ਵੀ ਹਸਤਾਖਰ ਕੀਤੇ ਗਏ ਸਨ।
ਉੱਧਰ, ਯੁਨਾਈਟਡ ਕਿੰਗਡਮ ਆਉਣ ਅਤੇ ਜਾਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਅਸਥਾਈ ਪਾਬੰਦੀ 7 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਯੂ ਕੇ ਦੀਆਂ ਸਾਰੀਆਂ ਉਡਾਣਾਂ ਨੂੰ 31 ਦਸੰਬਰ ਤੱਕ ਰੋਕਣ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਇਹ ਪਾਬੰਦੀ 7 ਜਨਵਰੀ ਤੱਕ ਲਾਗੂ ਰਹੇਗੀ। ਆਉਣ ਵਾਲੇ ਦਿਨਾਂ ਵਿਚ ਸਥਿਤੀ ਦੇ ਮੱਦੇਨਜ਼ਰ ਫੈਸਲਾ ਲਿਆ ਜਾਵੇਗਾ।
ਕੇਂਦਰ ਸਰਕਾਰ ਨੇ ਦੇਸ਼ ਵਿੱਚ ਨਵੀ ਕਿਸਮ ਦੇ ਕੋਰੋਨਾ ਦੇ ਪਾਏ ਜਾਣ ਤੋਂ ਬਾਅਦ ਸਾਵਧਾਨੀ ਉਪਾਅ ਵਜੋਂ 22 ਦਸੰਬਰ ਨੂੰ ਹਵਾਈ ਫਲਾਈਟ ਨੂੰ ਅਸਥਾਈ ਤੌਰ ਤੇ ਰੱਦ ਕਰ ਦਿੱਤਾ ਸੀ। ਕੋਰੋਨਾ ਦੇ ਨਵੇਂ ਵੇਰੀਐਂਟ ਦਾ ਵਾਇਰਸ ਬ੍ਰਿਟੇਨ ਤੋਂ ਆਏ 20 ਲੋਕਾਂ ਵਿੱਚਾ ਪਾਇਆ ਗਿਆ ਹੈ।