ਟੋਰਾਂਟੋ (ਐਨ.ਆਰ.ਆਈ. ਮੀਡਿਆ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਨੂੰ ਦਸੰਬਰ ਦੇ ਅੰਤ ਤੋਂ ਪਹਿਲਾਂ ਅਮਰੀਕੀ ਦਵਾ ਨਿਰਮਾਤਾ ਫਾਈਜ਼ਰ ਅਤੇ ਜਰਮਨੀ ਦੀ ਬਾਇਓਨਟੈਕ ਵੱਲੋਂ ਵਿਕਸਤ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ ਵਜੋਂ 2,49,000 ਖ਼ੁਰਾਕਾਂ ਮਿਲ ਜਾਣਗੀਆਂ।
ਦੱਸ ਦਈਏ ਕਿ ਇਸ ਟੀਕੇ ਨੂੰ ਹੈਲਥ ਕੈਨੇਡਾ ਵੱਲੋਂ ਜਲਦ ਤੋਂ ਜਲਦ ਵੀਰਵਾਰ ਤੱਕ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਗੌਰਤਲਬ ਹੈ ਕਿ ਫਾਈਜ਼ਰ ਨੂੰ ਯੂ. ਕੇ. ਅਤੇ ਬਹਿਰੀਨ 'ਚ ਸੰਕਟਕਾਲੀ ਵਰਤੋਂ ਲਈ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। ਉੱਥੇ ਹੀ, ਅਮਰੀਕੀ ਕੰਪਨੀ ਦੀ ਭਾਰਤੀ ਇਕਾਈ ਨੇ ਭਾਰਤ 'ਚ ਵੀ ਮਨਜ਼ੂਰੀ ਮੰਗੀ ਹੈ।
ਕੈਨੇਡਾ 'ਚ ਕੋਰੋਨਾ ਟੀਕਾ ਉਪਲਬਧ ਕਰਾਉਣ ਬਾਰੇ ਟਰੂਡੋ ਦੀ ਇਹ ਟਿੱਪਣੀ ਉਸ ਮਗਰੋਂ ਆਈ ਹੈ ਜਦੋਂ ਹਾਲ ਹੀ 'ਚ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਇਹ ਗੱਲ ਕਹਿਣ 'ਤੇ ਆ ਗਏ ਸਨ ਕਿ ਕੈਨੇਡੀਅਨਾਂ ਨੂੰ ਕੋਵਿਡ ਟੀਕੇ ਲਈ ਲੰਮਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹ ਸਭ ਤੋਂ ਪਹਿਲਾਂ ਉਨ੍ਹਾਂ ਦੇਸ਼ਾਂ ਨੂੰ ਉਪਲਬਧ ਹੋਵੇਗਾ ਜਿੱਥੇ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ।