ਸਵੇਰੇ 11 ਵਜੇ ਤੋਂ 3 ਵਜੇ ਤੱਕ ਬੰਦ ਰਹੇਗਾ ਭਾਰਤ

by vikramsehajpal

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮੰਗਲਵਾਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਭਾਰਤ ਬੰਦ ਰਹੇਗਾ। ਬੁੱਧਵਾਰ ਕਿਸਾਨਾਂ ਦੀ ਸਰਕਾਰ ਨਾਲ ਫਿਰ ਗੱਲਬਾਤ ਹੋਣੀ ਹੈ। ਗਿਆਰਾਂ ਵਜੇ ਤੋਂ ਬੰਦ ਦਾ ਫੈਸਲਾ ਇਸ ਕਰਕੇ ਲਿਆ ਗਿਆ ਹੈ ਤਾਂ ਕਿ ਜਿਹੜੇ ਦਫਤਰ ਜਾਣਾ ਚਾਹੁੰਦੇ ਹਨ ਉਹ ਸ਼ਨਾਖਤੀ ਕਾਰਡ ਦਿਖਾ ਕੇ ਚਲੇ ਜਾਣ ਅਤੇ ਸ਼ਾਮ ਨੂੰ ਵੀ ਵਾਪਸੀ 'ਤੇ ਉਨ੍ਹਾਂ ਨੂੰ ਮੁਸ਼ਕਲ ਨਾ ਹੋਵੇ। ਡਾਕਟਰੀ ਸੇਵਾਵਾਂ ਤੇ ਵਿਆਹਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ।

ਕਿਸਾਨਾਂ ਨੇ ਆਮ ਲੋਕਾਂ ਨੂੰ ਬੰਦ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੰਦ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਉਣ ਲਈ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਨੇ ਬੰਦ ਦੀ ਹਮਾਇਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਸ਼ੁਕਰੀਆ ਕੀਤਾ ਹੈ। ਖੱਬੀਆਂ ਪਾਰਟੀਆਂ ਤੋਂ ਇਲਾਵਾ ਕਾਂਗਰਸ, ਐੱਨ ਸੀ ਪੀ, ਡੀ ਐੱਮ ਕੇ, ਸਮਾਜਵਾਦੀ ਪਾਰਟੀ, ਟੀ ਆਰ ਐੱਸ ਆਦਿ ਨੇ ਆਪਣੇ ਵਰਕਰਾਂ ਨੂੰ ਬੰਦ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ।

ਪੰਜਾਬ ਡੀ ਸੀ ਆਫਿਸਿਜ਼ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਕਿਹਾ ਕਿ ਮੁਲਾਜ਼ਮ ਬੰਦ ਦੀ ਹਮਾਇਤ ਵਿਚ ਸਮੂਹਕ ਛੁੱਟੀ ਲੈਣਗੇ। ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਵੀ ਬੰਦ ਦੀ ਹਮਾਇਤ ਕੀਤੀ ਹੈ। ਨਾਨ-ਟੀਚਿੰਗ ਸਟਾਫ ਵੀ ਛੁੱਟੀ ਕਰੇਗਾ।

ਟੀਚਰਜ਼ ਯੂਨੀਅਨ ਨੇ ਸਵੇਰੇ 8 ਵਜੇ ਯੂਨੀਵਰਸਿਟੀ ਦੇ ਗੇਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੀ ਐੱਸ ਯੂ (ਲਲਕਾਰ), ਏ ਆਈ ਐੱਸ ਐੱਫ, ਪੀ ਐੱਸ ਯੂ ਤੇ ਐੱਸ ਅੱੈਫ ਆਈ ਨੇ ਵੀ ਪ੍ਰੋਟੈਸਟ ਵਜੋਂ ਗੇਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਕੇਂਦਰ ਨੇ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੰਦ ਦੌਰਾਨ ਅਮਨ-ਕਾਨੂੰਨ ਦੀ ਹਾਲਤ ਵਿਗੜਨ ਨਾ ਦੇਣ ਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਉਣ।