ਵਾਸ਼ਿੰਗਟਨ (ਐੱਨ.ਆਰ.ਆਈ. ਮੀਡਿਆ) - ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਐਰੀਜ਼ੋਨਾ ਅਤੇ ਵਿਸਕਾਨਸਿਨ ਦੇ ਆਖਰੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸੂਬਿਆਂ ਵਿਚ ਡੈਮਕ੍ਰੇਟ ਉਮੀਦਵਾਰ ਜੋਅ ਬਾਇਡਨ ਦੀ ਜਿੱਤ ਨੂੰ ਰਸਮੀ ਤੌਰ 'ਤੇ ਪ੍ਰਮਾਣਿਤ ਕੀਤਾ ਗਿਆ ਹੈ। ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਡੋਨਾਲਡ ਟਰੰਪ ਨੇ ਇਨ੍ਹਾਂ ਸੂਬਿਆਂ ਵਿਚ ਜਿੱਤ ਦਰਜ ਕੀਤੀ ਸੀ।
ਵਿਸਕਾਨਸਿਨ ਵਿਚ ਬਾਇਡਨ ਨੇ ਟਰੰਪ 'ਤੇ 20 ਹਜ਼ਾਰ 700 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਚੋਣ ਨਤੀਜਿਆਂ ਨੂੰ ਪ੍ਰਮਾਣਿਤ ਕਰਦੇ ਹੋਏ ਵਿਸਕਾਨਸਿਨ ਦੇ ਗਵਰਨਰ ਟੋਨੀ ਏਵਰਸ ਨੇ ਸੋਮਵਾਰ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਹੋਈ ਚੋਣ ਨੂੰ ਪ੍ਰਮਾਣਿਤ ਕਰਨ ਦਾ ਦਾਇਤਵ ਅੱਜ ਨਿਭਾ ਰਿਹਾ ਹਾਂ। ਰਾਜ ਅਤੇ ਸੰਘੀ ਕਾਨੂੰਨ ਤਹਿਤ ਮੈਂ ਰਾਸ਼ਟਰਪਤੀ ਅਹੁਦੇ 'ਤੇ ਬਾਇਡਨ ਅਤੇ ਉਪ ਰਾਸ਼ਟਰਪਤੀ ਅਹੁਦੇ 'ਤੇ ਕਮਲਾ ਹੈਰਿਸ ਦੀ ਜਿੱਤ ਦੇ ਪ੍ਰਮਾਣ ਪੱਤਰ 'ਤੇ ਦਸਤਖ਼ਤ ਕੀਤੇ ਹਨ।
ਇਸ ਤੋਂ ਪਹਿਲੇ ਐਰੀਜ਼ੋਨਾ ਵਿਚ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਬਾਇਡਨ ਦੀ ਜਿੱਤ ਨੂੰ ਪ੍ਰਮਾਣਿਤ ਕੀਤਾ ਗਿਆ। ਇਨ੍ਹਾਂ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਟਰੰਪ ਕੋਲ ਪੰਜ ਦਿਨਾਂ ਦਾ ਸਮਾਂ ਹੈ। ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਕ ਟਵੀਟ ਵਿਚ ਕਿਹਾ, 'ਪੂਰਾ ਭਿ੍ਸ਼ਟਾਚਾਰ। ਆਪਣੇ ਦੇਸ਼ ਲਈ ਦੁੱਖ ਹੁੰਦਾ ਹੈ।' ਟਰੰਪ ਨੇ ਅਜੇ ਤਕ ਬਾਇਡਨ ਹੱਥੋਂ ਆਪਣੀ ਹਾਰ ਨਹੀਂ ਮੰਨੀ ਹੈ। ਉਹ ਚੋਣ ਦੇ ਦਿਨ ਤੋਂ ਹੀ ਹੇਰਾਫੇਰੀ ਦਾ ਦੋਸ਼ ਲਗਾ ਰਹੇ ਹਨ। ਵੋਟਿੰਗ ਵਿਚ ਹੇਰਾਫੇਰੀ ਦੇ ਦੋਸ਼ ਲਗਾ ਕੇ ਉਨ੍ਹਾਂ ਦੀ ਟੀਮ ਕਈ ਸੂਬਿਆਂ ਵਿਚ ਮੁਕੱਦਮੇ ਦਾਇਰ ਕਰ ਚੁੱਕੀ ਹੈ ਪ੍ਰੰਤੂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।