ਦੁਬਈ (ਐਨ.ਆਰ.ਆਈ. ਮੀਡਿਆ) : ਮੰਗਲਵਾਰ ਨੂੰ ਦੁਬਈ ਵਿਖੇ ਆਈਪੀਐੱਲ ਫਾਈਨਲ ਵਿਚ ਦਿੱਲੀ ਕੈਪੀਟਲਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਹਿਲਾਂ ਹੀ ਚਾਰ ਵਾਰ ਚੈਂਪੀਅਨ ਬਣ ਚੁੱਕੀ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਦੀ ਟੀਮ ਤੈਅ 20 ਓਵਰਾਂ 'ਚ ਸੱਤ ਵਿਕਟਾਂ 'ਤੇ 156 ਦੌੜਾਂ ਦਾ ਸਕੋਰ ਹੀ ਬਣਾ ਸਕੀ। ਜਵਾਬ ਵਿਚ ਮੁੰਬਈ ਇੰਡੀਅਨਜ਼ ਨੇ 18.4 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਬਣਾ ਕੇ ਮੈਚ ਦੇ ਨਾਲ ਆਈਪੀਐੱਲ-13 ਦਾ ਖ਼ਿਤਾਬ ਆਪਣੇ ਨਾਂ ਕੀਤਾ।
ਸ਼੍ਰੇਅਸ ਅਈਅਰ ਨੇ ਟਾਸ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਲਈ ਇਹ ਵੱਡਾ ਮੌਕਾ ਹੈ ਪਰ ਉਹ ਅਜਿਹੀ ਸਥਿਤੀ ਵਿਚ ਹੈ ਜਿੱਥੇ ਉਹ ਕੁਝ ਗੁਆਏਗੀ ਨਹੀਂ ਤੇ ਇਸੇ ਕਾਰਨ ਉਹ ਆਪਣਾ ਸੁਭਾਵਿਕ ਖੇਡ ਦਿਖਾਏਗੀ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਇਸ ਮੈਚ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਦਕਿ ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਕ ਤਬਦੀਲੀ ਕੀਤੀ ਮੁੰਬਈ ਦੀ ਟੀਮ ਨੇ ਦੀਪਕ ਚਾਹਰ ਦੀ ਥਾਂ 'ਤੇ ਜੈਯੰਤ ਯਾਦਵ ਨੂੰ ਮੌਕਾ ਦਿੱਤਾ।