ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : 2 ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨ ਵਾਲੇ ਫਰਾਂਸ ਨੇ ਮਜ਼੍ਹਬੀ ਕੱਟੜਤਾ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ ਦੱਸ ਦਈਏ ਕਿ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਾਨਿਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਦੇਸ਼ 'ਚ ਹੋਰ ਅੱਤਵਾਦੀ ਹਮਲੇ ਹੋ ਸਕਦੇ ਹਨ। ਇਸ ਨੂੰ ਵੇਖਦੇ ਹੋਏ ਪੂਰੇ ਦੇਸ਼ 'ਚ ਖਾਸ ਕਰ ਕੇ ਚਰਚਾਂ ਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਰਾਂਸ ਨੇ ਇਸਲਾਮਿਕ ਕੱਟੜਤਾ ਖ਼ਿਲਾਫ਼ ਫ਼ੈਸਲਾਕੁੰਨ ਜੰਗ ਦਾ ਐਲਾਨ ਕਰ ਦਿੱਤਾ ਹੈ।
ਇਸ ਲੜਾਈ 'ਚ ਉਹ ਘਰੇਲੂ ਤੇ ਬਾਹਰੀ ਦੁਸ਼ਮਣਾਂ ਨਾਲ ਇਕੱਠੇ ਲੜ ਰਹੇ ਹਨ। ਗ੍ਰਹਿ ਮੰਤਰੀ ਦਾ ਇਹ ਬਿਆਨ ਨੀਸ ਸ਼ਹਿਰ ਦੀ ਇਕ ਚਰਚ 'ਚ ਹੋਏ ਅੱਤਵਾਦੀ ਹਮਲੇ ਦੇ ਇਕ ਦਿਨ ਬਾਅਦ ਆਇਆ ਹੈ। ਨੀਸ 'ਚ ਇਕ ਔਰਤ ਦਾ ਸਿਰ ਵੱਢਣ ਤੇ ਹੋਰ ਦੋ ਲੋਕਾਂ ਦੀ ਹੱਤਿਆ ਕਰਨ ਵਾਲਾ ਹਮਲਾਵਰ ਟਿਊਨੀਸ਼ੀਆ ਦਾ ਰਹਿਣ ਵਾਲਾ ਸੀ।
ਉਹ ਇਟਲੀ ਹੁੰਦੇ ਹੋਏ 9 ਅਕਤੂਬਰ ਨੂੰ ਫਰਾਂਸ ਪਹੁੰਚਿਆ ਸੀ। ਹਮਲਾਵਰ ਨੇ ਵੀਰਵਾਰ ਸਵੇਰੇ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਾਉਂਦੇ ਹੋਏ ਲੋਕਾਂ 'ਤੇ ਹਮਲਾ ਕੀਤਾ ਸੀ। ਬਾਅਦ 'ਚ ਪੁਲਿਸ ਨੇ ਉਸ ਨੂੰ ਦਬੋਚ ਲਿਆ ਸੀ। ਉਸ ਕੋਲੋੋਂ ਤਿੰਨ ਚਾਕੂ ਬਰਾਮਦ ਕੀਤੇ ਗਏ ਸਨ। ਉਸ ਨਾਲ ਸਬੰਧ ਦੇ ਸ਼ੱਕ 'ਚ 47 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ।