ਰੋਮ (ਐੱਨ.ਆਰ.ਆਈ. ਮੀਡਿਆ) - ਇਟਲੀ ਸਰਕਾਰ ਜਿੱਥੇ ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਸਰਕਾਰ ਨੇ ਦੇਸ਼ ਦੇ ਬਾਸ਼ਿੰਦਿਆਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਵੀ ਸੰਕੋਚ ਕਰਨ ਵੱਲ ਧਿਆਨ ਦੇਣ ਲਈ ਕਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇਸ਼ ਵਿਚ ਕੋਵਿਡ-19 ਕਾਰਨ ਸਖ਼ਤੀ ਕੀਤੀ ਜਾ ਰਹੀ ਹੈ, ਆਮ ਲੋਕਾਂ ਦਾ ਲਘੂ ਕਾਰੋਬਾਰ ਉੱਜੜਨ ਕਿਨਾਰੇ ਹੈ।
ਇਸ ਉਜਾੜੇ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨ ਦੇਸ਼ ਭਰ ਵਿਚ ਰੋਸ-ਮੁਜਹਾਰੇ ਵੀ ਹੋਏ ਹਨ। ਅਜਿਹੇ ਹਲਾਤਾਂ ਵਿਚ ਯੂਰਪ ਭਰ ਦੇ 740 ਹਵਾਈ ਅੱਡਿਆਂ ਵਿੱਚੋਂ 193 ਹਵਾਈ ਅੱਡੇ ਅਜਿਹੇ ਹਨ, ਜਿਹੜੇ ਕਿ ਉੱਜੜਨ ਕਿਨਾਰੇ ਹਨ ਕਿਉਂਕਿ ਯੂਰਪ ਭਰ ਵਿਚ ਹਵਾਈ ਸੇਵਾਵਾਂ ਵਿਚ ਵੱਡੇ ਪੱਧਰ 'ਤੇ ਆਈ ਗਿਰਾਵਟ ਹਵਾਈ ਅੱਡੇ ਦੀ ਆਮਦਨੀ ਨੂੰ ਤਹਿਸ-ਨਹਿਸ ਕਰ ਰਹੀ ਹੈ।
ਏਅਰਪੋਰਟ ਕੌਂਸਲ ਇੰਟਰਨੈਸ਼ਨਲ ਯੂਰਪ (ਜਿਹੜਾ ਕਿ ਹਵਾਈ ਅੱਡੇ ਅਪ੍ਰੇਟਰਾਂ ਦੀ ਅਗਵਾਈ ਕਰਦਾ ਹੈ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਆਖ਼ਰ ਤੱਕ ਯੂਰਪ ਭਰ ਦੇ ਹਵਾਈ ਅੱਡੇ ਉਪੱਰ ਆਵਾਜਾਈ ਬਿਹਤਰ ਨਾ ਹੋਈ ਤਾਂ ਯੂਰਪ ਦੇ 193 ਏਅਰਪੋਰਟਾਂ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਕਿ ਪ੍ਰਭਾਵਿਤ ਹਵਾਈ ਅੱਡੇਉੱਪਰ 2,77,000 ਲੋਕਾਂ ਦਾ ਰੁਜ਼ਗਰ ਚੱਲਦਾ ਹੈ, ਜਿਹਨਾਂ ਨੂੰ ਕਿ ਸਲਾਨਾ 12.4 ਬਿਲੀਅਨ ਯੂਰੋ ਦੀ ਕਮਾਈ ਹੈ।