ਉਨਟਾਰੀਓ (ਐਨ.ਆਰ.ਆਈ.ਮੀਡਿਆ) : ਕੋਵਿਡ-19 ਨੂੰ ਟਰੂਡੋ ਸਰਕਾਰ ਵੱਲੋਂ ਜਿਸ ਤਰ੍ਹਾਂ ਹੈਂਡਲ ਕੀਤਾ ਗਿਆ ਹੈ ਉਸ ਸਬੰਧ ਵਿੱਚ ਜਾਂਚ ਕਰਵਾਉਣ ਦੀ ਵਿਰੋਧੀ ਪਾਰਟੀਆਂ ਦੀ ਮੰਗ ਪੂਰੀ ਹੋਣ ਜਾ ਰਹੀ ਹੈI ਦਸਣਯੋਗ ਹੈ ਕਿ ਚਾਰੇ ਵਿਰੋਧੀ ਪਾਰਟੀਆਂ ਦੇ ਐਮਪੀਜ਼ ਵੱਲੋਂ ਟਰੂਡੋ ਸਰਕਾਰ ਦੀ ਕਰੋਨਾਵਾਇਰਸ ਨਾਲ ਨਜਿੱਠਣ ਲਈ ਕੀਤੀ ਗਈ ਕਾਰਗੁਜ਼ਾਰੀ ਦਾ ਲੇਖਾ ਜੋਖਾ ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਸਾਹਮਣੇ ਪੇਸ਼ ਕਰਨ ਲਈ ਬਕਾਇਦਾ ਮਤਾ ਪੁਗਾਇਆ ਗਿਆ ਹੈI
ਵਿਰੋਧੀ ਧਿਰਾਂ ਚਾਹੁੰਦੀਆਂ ਹਨ ਕਿ ਕਰੋਨਾਵਾਇਰਸ ਸਬੰਧੀ ਲਿਬਰਲਾਂ ਦੀ ਸਾਰੀ ਕਾਰਗੁਜ਼ਾਰੀ ਦਾ ਰਿਕਾਰਡ ਸੱਭ ਦੇ ਸਾਹਮਣੇ ਆਵੇI ਦੱਸ ਦਈਏ ਕਿ ਵਿਰੋਧੀ ਧਿਰਾਂ ਇਹ ਵੀ ਜਾਨਣਾ ਚਾਹੁੰਦੀਆਂ ਹਨ ਕਿ ਫੈਡਰਲ ਸਰਕਾਰ ਕੋਵਿਡ-19 ਬਾਰੇ ਰੈਪਿਡ ਟੈਸਟਸ ਦੀ ਖਰੀਦ, ਵੈਕਸੀਨ ਤਿਆਰ ਕਰਨ ਤੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਉਪਲਬਧ ਕਰਵਾਉਣ ਲਈ ਕੀ ਕਰਦੀ ਰਹੀ ਹੈI
ਇਸ ਤੋਂ ਪਹਿਲਾਂ ਕੰਜ਼ਰਵੇਟਿਵਾਂ ਵੱਲੋਂ ਵੁਈ ਚੈਰਿਟੀ ਤੇ ਕਥਿਤ ਭ੍ਰਿਸ਼ਟਾਚਾਰ ਦੇ ਹੋਰਨਾਂ ਮਾਮਲਿਆਂ ਦੀ ਜਾਂਚ ਸਪੈਸ਼ਲ ਕਮੇਟੀ ਤੋਂ ਕਰਵਾਏ ਜਾਣ ਲਈ ਲਿਆਂਦੇ ਮਤੇ ਉੱਤੇ ਭਰੋਸੇ ਦਾ ਵੋਟ ਹਾਸਲ ਕਰਕੇ ਅਜੇ ਪੰਜ ਦਿਨ ਪਹਿਲਾਂ ਹੀ ਲਿਬਰਲ ਸਰਕਾਰ ਨੇ ਸੁਖ ਦਾ ਸਾਹ ਲਿਆ ਸੀI ਪਰ ਇਸ ਵਾਰੀ ਕੰਜ਼ਰਵੇਟਿਵਾਂ ਤੋਂ ਇਲਾਵਾ ਬਲਾਕ ਕਿਊਬਿਕੁਆ, ਨਿਊ ਡੈਮੋਕ੍ਰੈਟ ਤੇ ਗ੍ਰੀਨ ਪਾਰਟੀ ਦੇ ਨਾਲ ਨਾਲ ਇੱਕ ਇੰਡੀਪੈਂਡੈਂਟ ਐਮਪੀ ਵੀ ਇਸ ਮਾਮਲੇ ਵਿੱਚ ਇੱਕ ਰਾਏ ਰੱਖਦੇ ਹਨI