ਕਰਾਚੀ (ਐਨ .ਆਰ .ਆਈ ):ਪਾਕਿਸਤਾਨ ’ਚ ਸਾਰੀਆਂ ਵਿਰੋਧੀ ਪਾਰਟੀਆਂ ਹੁਣ ਇੱਕਜੁਟ ਹੋ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਮੰਤਵ ਸੱਤਾਧਾਰੀ ਸਰਕਾਰ ਨੂੰ ਧੋਬੀ ਪਟਕਾ ਦੇਣਾ ਹੈ। ਘੱਟੋ-ਘੱਟ 11 ਸਿਆਸੀ ਪਾਰਟੀਆਂ ਦੇ ਇਸ ਵਿਰੋਧੀ ਗੱਠਜੋੜ ‘ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ’ (PDM) ਨੇ ਸ਼ੁੱਕਰਵਾਰ ਨੂੰ ਪੰਜਾਬ ਸੂਬੇ ਦੇ ਗੁੱਜਰਾਂਵਾਲਾ ਸ਼ਹਿਰ ਵਿੱਚ ਵਿਸ਼ਾਲ ਰੈਲੀ ਕੀਤੀ ਸੀ। ਮਰੀਅਮ ਨਵਾਜ਼ ਨੇ ਵੀ ਇਮਰਾਨ ਸਰਕਾਰ ਵਿਰੁੱਧ ਜਾਰੀ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਸੀ।
ਮਰੀਅਮ ਨਵਾਜ਼ ਦੇ ਪਤੀ ਦੀ ਇਸ ਗ੍ਰਿਫ਼ਤਾਰੀ ਨੂੰ ਇਮਰਾਨ ਸਰਕਾਰ ਤੇ ਪਾਕਿਸਤਾਨੀ ਫ਼ੌਜ ਉੱਤੇ ਲਗਾਤਾਰ ਸਿਆਸੀ ਹਮਲਾ ਕੀਤੇ ਜਾਣ ਵਿਰੁੱਧ ਬਦਲੇ ਦੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ
ਓਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਸਫ਼ਦਰ ਅਵਾਨ ਨੂੰ ਕਰਾਚੀ ਪੁਲਿਸ ਨੇ ਉਨ੍ਹਾਂ ਦੇ ਹੋਟਲ ਦੇ ਕਮਰੇ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪਾਕਿਸਤਾਨ ਮੁਸਲਿਮ ਲੀਗ (ਐਨ) ਦੀ ਮੀਤ ਪ੍ਰਧਾਨ ਤੇ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਮਰੀਅਮ ਨੇ ਟਵੀਟ ’ਚ ਲਿਖਿਆ ਹੈ, ‘ਅਸੀਂ ਕਰਾਚੀ ਦੇ ਇੱਕ ਹੋਟਲ ’ਚ ਠਹਿਰੇ ਹੋਏ ਸਾਂ। ਇਸ ਦੌਰਾਨ ਪੁਲਿਸ ਸਾਡੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਵੜੀ। ਉਨ੍ਹਾਂ ਕੈਪਟਨ ਸਫ਼ਦਰ ਅਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’