ਵੈੱਬ ਡੈਸਕ (NRI MEDIA) : ਪੰਜਾਬ ਦੇ ਸ਼ਹਿਰ ਮਾਲੇਰਕੋਟਲਾ ਦੀ ਕਾਲਜ ਰੋਡ ਇਲਾਕੇ ਤੋਂ ਦਿਲ ਝੰਝੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿੱਚ ਪਰਿਵਾਰ ਦੇ ਤਿੰਨ ਜੀਆਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਵਿੱਚੋਂ ਮਾਂ ਅਤੇ ਧੀ ਦੀ ਮੌਕੇ 'ਤੇ ਹੀ ਮੋਤ ਹੋ ਗਈ ਹੈ ਅਤੇ ਪੁੱਤਰ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪਰਿਵਾਰ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਇੱਕ ਸੁਨਿਆਰੇ ਤੇ ਇੱਕ ਪੁਲਿਸ ਅਧਿਕਾਰੀ ਨੂੰ ਜ਼ਿੰਮੇਵਾਰ ਦੱਸਿਆ ਹੈ। ਜਾਣਕਾਰੀ ਦੇ ਅਨੁਸਾਰ ਪਰਿਵਾਰ ਦੇ ਮੁਖੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਹ ਤਿੰਨੇ ਲੋਕ ਘਰ ਵਿੱਚ ਰਹਿੰਦੇ ਸਨ। ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ ਕਵਿਤਾ ਜਿੰਦਲ (55) ਉਸ ਦੀ ਧੀ ਸਿਲਾਂਗੀ (20) ਅਤੇ ਪੁੱਤਰ ਸ਼ਿਵਮ (23) ਸ਼ਾਮਲ ਹਨ। ਸ਼ਿਵਮ ਨੂੰ ਗੰਭੀਰ ਹਾਲਤ ਵਿੱਚ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਵੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਕਦਮ ਚੁੱਕਣ ਤੋਂ ਪਹਿਲਾਂ ਇੱਕ ਖ਼ੁਦਕੁਸ਼ੀ ਨੋਟ ਲਿਖਿਆ
ਪਰਿਵਾਰ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਇੱਕ ਖ਼ੁਦਕੁਸ਼ੀ ਨੋਟ ਲਿਖਿਆ, ਜਿਸ 'ਤੇ ਪਰਿਵਾਰ ਦੇ ਤਿੰਨਾਂ ਜੀਆਂ ਨੇ ਆਪਣੇ ਦਸਤਖ਼ਤ ਕੀਤੇ ਹੋਏ ਹਨ। ਇਸ ਵਿੱਚ ਇੱਕ ਸੁਨਿਆਰੇ ਅਤੇ ਪੰਜਾਬ ਪੁਲਿਸ ਦੇ ਡੀਐੱਸਪੀ ਦਾ ਨਾਮ ਵੀ ਸ਼ਾਮਲ ਹੈ। ਖ਼ੁਦਕੁਸ਼ੀ ਨੋਟ ਵਿੱਚ ਮਨਪ੍ਰੀਤ, ਅਰਜੂ, ਪਰਵੇਜ, ਰਮਜਾਨ, ਸਰਵਨ ਸਿੰਘ, ਸੰਦੀਪ ਸ਼ਰਮਾ, (ਸੁਬਾਨ ਅਲੀ), ਮਾਨੀ, ਹਨੀਫਾ, (ਕਾਸੀਮ) ਆਦਿ ਦੇ ਨਾਮ ਲਿਖੇ ਹਨ। ਇਸ ਵਿੱਚ ਉਨ੍ਹਾਂ ਦੇ ਝਗੜੇ ਦੀ ਜਾਂਚ ਕਰ ਰਹੇ ਡੀਐੱਸਪੀ ਕੁਲਦੀਪ ਸਿੰਘ ਦਾ ਨਾਮ ਵੀ ਲਿਖਿਆ ਗਿਆ ਹੈ। ਖ਼ੁਦਕੁਸ਼ੀ ਨੋਟ ਵਿੱਚ ਪਰਿਵਾਰ ਨੇ ਲਿਖਿਆ ਹੈ ਕਿ ਮਨਪ੍ਰੀਤ ਗਰਗ ਨੂੰ ਬੁਰੀ ਤੋਂ ਬੁਰੀ ਸਜਾ ਦਿੱਤੀ ਜਾਵੇ।