ਉਨਟਾਰੀਓ (ਐਨ.ਆਰ.ਆਈ.ਮੀਡਿਆ) : ਕੋਵਿਡ-19 ਦੇ ਹੌਟ-ਸਪੌਟ ਖੇਤਰਾਂ ਵਿੱਚ ਸਥਿਤ ਸਕੂਲਾਂ ਦੀ ਮਦਦ ਲਈ ਉਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ 35 ਮਿਲੀਅਨ ਡਾਲਰ ਹੋਰ ਖਰਚ ਕਰੇਗੀ, ਜਿਸ ਨਾਲ ਇਹ ਸਕੂਲ ਨਵੇਂ ਅਧਿਆਪਕ ਭਰਤੀ ਕਰਨ ਦੇ ਨਾਲ-ਨਾਲ ਹੋਰ ਨਵਾਂ ਸਾਜ਼ੋ-ਸਾਮਾਨ ਖਰੀਦ ਸਕਣਗੇ। ਸਰਕਾਰ ਵੱਲੋਂ ਇਹ ਫੰਡ ਟੋਰਾਂਟੋ, ਪੀਲ ਰੀਜਨ, ਔਟਾਵਾ ਅਤੇ ਯਾਰਕ ਰੀਜਨ ਦੇ ਬੋਰਡਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਦੱਸ ਦਈਏ ਕਿ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇਸ ਫੰਡ ਦੀ ਮਦਦ ਨਾਲ ਬੋਰਡ ਸਕੂਲਾਂ ਵਿੱਚ ਜ਼ਿਆਦਾ ਸਮਾਜਿਕ ਦੂਰੀ, ਛੋਟੇ ਕਲਾਸ ਰੂਮਜ਼ ਅਤੇ ਰਿਮੋਟ ਲਰਨਿੰਗ ਲਈ ਹੋਰ ਸਾਧਨ ਮੁਹੱਈਆ ਕਰਵਾਉਣ ਵਾਸਤੇ ਭੁਗਤਾਨ ਕਰ ਸਕਣਗੇ। ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੇ ਕਿਹਾ ਕਿ ਇਹ ਪੈਸਾ ਉਨਾਂ ਸਾਰੇ ਪਬਲਿਕ ਸਕੂਲ ਬੋਰਡਾਂ ਨੂੰ ਵੰਡਿਆ ਜਾਵੇਗਾ, ਜਿਹੜੇ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਨਗਰਪਾਲਿਕਾਵਾਂ ਵਿੱਚ ਸਥਿਤ ਹਨ।
ਇਸ 'ਚੋਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਨੂੰ 9 ਮਿਲੀਅਨ ਡਾਲਰ ਪ੍ਰਾਪਤ ਹੋਣਗੇ, ਜਿਸ ਨਾਲ ਉਹ 120 ਤੋਂ ਨਵੇਂ ਅਧਿਆਪਕਾਂ ਦੀ ਭਰਤੀ ਜਾਂ 11 ਹਜ਼ਾਰ ਤੋਂ ਵੱਧ ਕੰਪਿਊਟਰ ਅਤੇ ਟੈਬਲੇਟਸ ਦੀ ਖਰੀਦੋ-ਫਰੋਖ਼ਤ ਕਰ ਸਕਦਾ ਹੈ।