IPL 2020 : ਹੈਦਰਾਬਾਦ ਨੂੰ ਹਰਾ ਕੋਹਲੀ ਦੀ ਟੂਰਨਾਮੈਂਟ ‘ਚ ਜੇਤੂ ਸ਼ੁਰੂਆਤ

by

ਦੁਬਈ (NRI MEDIA) : ਮੰਗਲਵਾਰ ਨੂੰ ਆਈਪੀਐਲ ਦੇ ਤੀਜੇ ਮੈਚ ਵਿੱਚ ਰਾਇਲ ਚੈਲੰਜ਼ਰ ਬੰਗਲੌਰ ਨੇ ਸਨਰਾਈਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੌਰ ਦੀ ਟੀਮ ਨੇ ਹੈਦਰਾਬਾਦ ਨੂੰ 164 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਸਨਰਾਈਜ਼ ਹੈਦਰਾਬਾਦ 19.4 ਓਵਰਾਂ ਵਿੱਚ 153 ਦੌੜਾਂ ਹੀ ਬਣਾ ਸਕੀ।


ਇਸਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਬੰਗਲੌਰ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਨੇ ਆਪਣੇ ਪਹਿਲੇ ਮੈਚ ਵਿੱਚ ਹੀ 42 ਗੇਂਦਾਂ ਵਿੱਚ ਅਰਧ ਸੈਂਕੜਾ ਠੋਕਦੇ ਹੋਏ 8 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਇਸਦੇ ਨਾਲ ਹੀ ਆਸਟ੍ਰੇਲੀਆ ਦੇ ਬੱਲੇਬਾਜ਼ ਐਰੋਨ ਫ਼ਿੰਚ ਨੇ ਬੰਗਲੌਰ ਲਈ 27 ਗੇਂਦਾਂ ਵਿੱਚ 29 ਦੌੜਾਂ ਦਾ ਯੋਗਦਾਨ ਪਾਇਆ। 


ਦੋਵੇਂ ਸਲਾਮੀ ਬੱਲੇਬਾਜ਼ਾਂ ਪਡਿਕਲ ਤੇ ਫ਼ਿੰਚ ਨੇ ਟੀਮ ਲਈ ਪਹਿਲੀ ਵਿਕਟ ਵੱਜੋਂ 90 ਦੌੜਾਂ ਦੀ ਸਾਂਝੇਦਾਰੀ ਕੀਤੀ।ਇਸ ਵਾਰ ਕਪਤਾਨ ਕੋਹਲੀ ਖ਼ੁਦ ਕੁੱਝ ਜ਼ਿਆਦਾ ਨਾ ਕਰਦੇ ਹੋਏ 14 ਦੌੜਾਂ ਹੀ ਬਣਾ ਸਕੇ। ਪਰ ਟੀਮ ਨੂੰ ਤਜ਼ਰਬੇਕਾਰ ਏ.ਬੀ. ਡਿਵੀਲੀਅਰਜ਼ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ 30 ਗੇਂਦਾਂ ਵਿੱਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ (51 ਦੌੜਾਂ) ਬਣਾਉਂਦੇ ਹੋਏ 163 ਦੌੜਾਂ 'ਤੇ ਪਹੁੰਚਾਇਆ।ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ ਹੈਦਰਾਬਾਦ ਲਈ ਜੋਨੀ ਬੇਅਰਸਟੋਅ ਨੇ 41 ਗੇਂਦਾਂ 'ਤੇ 63 ਦੌੜਾਂ ਅਤੇ ਮਨੀਸ਼ ਪਾਂਡੇ ਨੇ 33 ਗੇਂਦਾਂ ਵਿੱਚ 34 ਦੌੜਾ ਬਣਾ ਕੇ ਜੁਝਾਰੂਪਣ ਦਿਖਾਇਆ। 


ਇਨ੍ਹਾਂ ਬੱਲੇਬਾਜ਼ਾਂ ਦੇ ਆਊਟ ਹੁੰਦੇ ਹੀ ਹੈਦਰਾਬਾਦ ਦੀ ਟੀਮ ਉਭਰ ਨਹੀਂ ਸਕੀ ਅਤੇ ਪੂਰੀ ਤਰ੍ਹਾਂ ਲੜਖੜਾਉਂਦੀ ਰਹੀ। ਜੋਨੀ ਬੇਅਰਸਟੋਅ ਨੂੰ ਆਊਟ ਕਰਨ ਤੋਂ ਬਾਅਦ ਯੁਜਵੇਂਦਰ ਚਹਿਲ ਨੇ ਅਗਲੀ ਗੇਂਦ 'ਤੇ ਹੀ ਵਿਜੇ ਸ਼ੰਕਰ ਨੂੰ ਵੀ ਸ਼ਿਕਾਰ ਬਣਾ ਲਿਆ। ਉਪਰੰਤ ਸਨਰਾਈਜ਼ ਹੈਦਰਾਬਾਦ ਦੇ ਮੱਧਕ੍ਰਮ ਨੂੰ ਤਜ਼ਰਬਾ ਨਾ ਹੋਣ ਦਾ ਬੰਗਲੌਰ ਨੇ ਭਰਪੂਰ ਫ਼ਾਇਦਾ ਚੁੱਕਿਆ ਅਤੇ 153 ਦੌੜਾਂ 'ਤੇ ਸਮੇਟ ਕੇ 10 ਦੌੜਾਂ ਨਾਲ ਜਿੱਤ ਹਾਸਲ ਕੀਤੀ।ਬੰਗਲੌਰ ਲਈ ਲੈਗ ਸਪਿੰਨਰ ਯੁਜਵੇਂਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ ਵਿੱਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾ ਕੇ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ