ਚੰਡੀਗੜ੍ਹ (Nri Media) : ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਗੱਠਜੋੜ ਤੋੜ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਪੰਜਾਬੀ ਪ੍ਰਤੀ ਨੀਤੀਆਂ ਦੇ ਚਲਦਿਆਂ ਹੁਣ ਅਕਾਲੀ ਦਲ, ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦਾ ਹਿੱਸਾ ਨਹੀਂ ਰਹਿ ਸਕਦਾ।ਦੱਸ ਦੇਈਏ ਇਸ ਤੋਂ ਪਹਿਲਾਂ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਇਹ ਵੱਡਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਫ਼ੈਸਲੇ ਲੈਣ ਵਾਲੀ ਸਰਵਉਚ ਕੋਰ ਕਮੇਟੀ ਨੇ ਦੇਰ ਰਾਤ ਹੋਈ ਹੰਗਾਮੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਤੋਂ ਬਾਹਰ ਹੋਵੇਗੀ, ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਨੂੰ ਕਾਨੂੰਨੀ ਰੂਪ ਦੇਣ ਅਤੇ ਪੰਜਾਬੀ ਤੇ ਸਿੱਖ ਮਸਲਿਆਂ ਨੂੰ ਜਿਵੇਂ ਪੰਜਾਬੀ ਨੂੰ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦੇ ਦਰਜੇ ਵਿਚੋਂ ਬਾਹਰ ਰੱਖਣ ਵਰਗੇ ਫ਼ੈਸਲਿਆਂ ’ਤੇ ਅੜਬ ਰੁੱਖ ਅਪਣਾਇਆ ਹੋਇਆ ਹੈ।ਪਾਰਟੀ ਮੁੱਖ ਦਫ਼ਤਰ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਮਗਰੋਂ ਇਹ ਫ਼ੈਸਲੇ ਲਏ ਗਏ ਹਨ।
ਮੀਟਿੰਗ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਫ਼ੈਸਲਾ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਪਾਰਟੀ ਵਰਕਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ ਤੇ ਸਮਾਜ ਦੇ ਹੋਰ ਗਰੀਬ ਵਰਗਾਂ ਨਾਲ ਡੂੰਘਾਈ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ।